ਡਾ. ਪਿਆਰੇ ਲਾਲ ਗਰਗ
ਕਰੋਨਾ ਸੰਕ੍ਰਮਣ ਤੋਂ ਬਚਣ ਵਾਸਤੇ ਬਹੁਤ ਸਾਰੇ ਉਪਾਅ ਦੱਸੇ ਜਾ ਰਹੇ ਹਨ। ਅਫ਼ਵਾਹਾਂ ਹਨ ਕਿ ਹਲਦੀ ਵਾਲਾ ਦੁੱਧ ਪੀਣ ਨਾਲ, ਧੁੱਪੇ ਬੈਠਣ ਨਾਲ ਤਾਜ਼ੀ ਹਵਾ ਵਿੱਚ ਸੈਰ ਕਰਨ ਨਾਲ, ਦੇਸੀ ਮਸਾਲੇ ਖਾਣ ਨਾਲ, ਚਿੰਤਾ ਮੁਕਤ ਰਹਿਣ ਨਾਲ ਕਰੋਨਾ ਨਹੀਂ ਹੁੰਦਾ।
ਸੰਕ੍ਰਮਣ ਦਾ ਭਾਵ ਹੈ ਕਿਸੇ ਸੰਕ੍ਰਮਣ ਕਰਨ ਵਾਲੇ ਕਾਰਕ ਯਾਨੀ ਵਾਇਰਸ ਜਾਂ ਬੈਕਟੀਰੀਆ ਦਾ ਸਰੀਰ ਅੰਦਰ ਵੜ ਜਾਣਾ। ਉਪਰੋਕਤ ਕੋਈ ਓਹੜ-ਪੋਹੜ ਜਾਂ ਕੋਈ ਵੀ ਟੀਕਾ ਸੰਕ੍ਰਮਣ ਕਰਨ ਵਾਲੇ ਕਾਰਕ ਯਾਨੀ ਬੈਕਟੀਰੀਆ ਜਾਂ ਵਾਇਰਸ ਨੂੰ ਸਰੀਰ ਦੇ ਅੰਦਰ ਵੜਨ ਤੋਂ ਰੋਕ ਨਹੀਂ ਸਕਦੇ। ਯਾਨੀ ਸੰਕ੍ਰਮਣ ਰੋਕਣ ਵਿੱਚ ਕਿਸੇ ਵੀ ਪ੍ਰਕਾਰ ਦੀ ਰੋਗ ਰੋਧਕਤਾ ਸਹਾਈ ਨਹੀਂ ਹੁੰਦੀ।
ਲਾਗ ਦੀਆਂ ਬਿਮਾਰੀਆਂ ਦੇ ਸੰਕ੍ਰਮਣ ਤੋਂ ਬਚਣ ਵਾਸਤੇ ਤਾਂ ਰੋਗ ਦੇ ਇਨ੍ਹਾਂ ਕਰਨਧਾਰਾਂ ਨੂੰ ਸਰੀਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣਾ ਪੈਂਦਾ ਹੈ ਜਿਸ ਵਾਸਤੇ ਸੰਕ੍ਰਮਣ ਵਾਲੇ ਵਿਅਕਤੀ ਤੋਂ ਦੂਰੀ ਬਣਾ ਕੇ ਰੱਖਣਾ ਉਸ ਦੇ ਖੰਘਾਰ , ਮਲ ਮੂਤਰ ਜਿਸ ਰਾਹੀਂ ਵੀ ਰੋਗ ਜਨਕ ਬੈਕਟੀਰੀਆ ਜਾਂ ਵਾਇਰਸ ਬਾਹਰ ਆਉਂਦੇ ਹਨ, ਉਨ੍ਹਾਂ ਤੋਂ ਦੂਰ ਰਹਿਣਾ, ਉਸ ਦੇ ਕੱਪੜੇ ਅਤੇ ਭਾਂਡੇ ਆਦਿ ਨੂੰ ਨਾ ਛੂਹਣਾ, ਉਸ ਦਾ ਜੂਠਾ ਨਾ ਖਾਣਾ ਜਾਂ ਸੰਕ੍ਰਮਤ ਭੋਜਨ ਪਾਣੀ ਜਾਂ ਹੋਰ ਵਸਤਾਂ ਦਾ ਸੇਵਨ ਨਾ ਕਰਨਾ ਸ਼ਾਮਲ ਹੈ।
ਕਰੋਨਾ ਵਾਸਤੇ ਵੀ ਨੱਕ-ਮੂੰਹ ਢੱਕ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣੀ ਯਾਨੀ ਗਲੇ ਨਾ ਮਿਲਣਾ, ਹੱਥ ਨਾ ਲਿਆਉਣਾ ਆਦਿ। ਜਿਸਮਾਨੀ ਦੂਰੀ ਯਾਨੀ ਘੱਟੋ-ਘੱਟ ਦੋ ਮੀਟਰ ਦੂਰੀ ਉੱਪਰ ਰਹਿਣਾ ਅਤੇ ਰੋਗੀ ਦੇ ਖੰਘਾਰ ਥੁੱਕ, ਲਾਰ ਜਾਂ ਨੱਕ ਦੇ ਮਵਾਦ ਦਾ ਤੰਦਰੁਸਤ ਵਿਅਕਤੀ ਦੇ ਸਰੀਰ ਵਿੱਚ ਪ੍ਰਵੇਸ਼ ਹੀ ਬੰਦ ਕਰਨ ਦੀ ਲੋੜ ਹੈ।
ਰੋਗ ਰੋਧਕਤਾ ਤਾਂ ਸੰਕ੍ਰਮਣ ਹੋਣ ਉਪਰੰਤ ਉਸ ਕਾਰਕ ਨੂੰ ਬਿਮਾਰੀ ਪੈਦਾ ਕਰਨ ਤੋਂ ਰੋਕਦੀ ਹੈ, ਉਸ ਨੂੰ ਮਾਰ ਦਿੰਦੀ ਹੈ ਜਾਂ ਉਸ ਨੂੰ ਨਿਸ਼ਕਿਰਿਆ ਕਰ ਦਿੰਦੀ ਹੈ। ਹਰੇਕ ਬਿਮਾਰੀ ਦਾ ਟੀਕਾ ਜਾਂ ਬਿਮਾਰੀ ਹੋਣ ਉਪਰੰਤ ਪੈਦਾ ਹੋਈ ਰੋਗ ਰੋਧਕਤਾ ਕਿਸੇ ਵਿਸ਼ੇਸ਼ ਬਿਮਾਰੀ ਦੇ ਕਾਰਕ ਉੱਪਰ ਹਮਲਾ ਕਰਦੀ ਹੈ।
ਆਮ ਰੋਗ ਰੋਧਕਤਾ ਸਰੀਰ ਵਿੱਚ ਵੜੇ ਕਿਸੇ ਵੀ ਬਿਮਾਰੀ ਦੇ ਕਾਰਕ ਨੂੰ ਨਿਸ਼ਕਿਰਿਆ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਸ ਕਰ ਕੇ ਕਈ ਵਾਰੀ ਉਹ ਬਿਮਾਰੀ ਸਾਹਮਣੇ ਸਾਹ ਸੱਤ ਹੀਣ ਵੀ ਹੋ ਜਾਂਦੀ ਹੈ।
ਕਰੋਨਾ ਵਿੱਚ ਇਸ ਦੇ ਸੰਕ੍ਰਮਣ ਨੂੰ ਰੋਕਣਾ ਹੀ ਅਜੇ ਤੱਕ ਇੱਕ ਕਾਰਗਾਰ ਤਰੀਕਾ ਹੈ।
ਸੰਪਰਕ: 99145-05009