ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਅਗਸਤ
ਕਰੋਨਾ ਦੇ ਵਧ ਰਹੇ ਪ੍ਰਭਾਵ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਅੱਜ ਤੋਂ ਗੁਰੂ ਘਰ ਮੱਥਾ ਟੇਕਣ ਆਉਣ ਵਾਲੀ ਸੰਗਤ ਵਾਸਤੇ ਮਾਸਕ ਪਹਿਨਣਾ ਜਾਂ ਮੂੰਹ ਢੱਕ ਕੇ ਰੱਖਣਾ ਲਾਜ਼ਮੀ ਕਰਾਰ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੇ ਦਰਸ਼ਨੀ ਡਿਉਢੀ ਦੇ ਬਾਹਰ ਸ਼੍ਰੋਮਣੀ ਕਮੇਟੀ ਨੇ ਆਪਣੇ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ, ਜੋ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਮੂੰਹ ਢੱਕ ਕੇ ਰੱਖਣ ਲਈ ਆਖ ਰਹੇ ਸਨ। ਮੈਨੇਜਰ ਮੁਖਤਾਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਕਰੋਨਾ ਤੋਂ ਬਚਾਅ ਵਾਸਤੇ ਪਹਿਲਾਂ ਵੀ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਹੀ ਇਥੇ ਸ਼ਰਧਾਲੂਆਂ ਨੂੰ ਹੱਥ ਸੈਨੇਟਾਈਜ਼ ਕਰਨ ਅਤੇ ਹਰੇਕ ਸ਼ਰਧਾਲੂ ਦੇ ਪਰਿਕਰਮਾ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸਰੀਰਕ ਤਾਪਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਲੋੜੀਂਦੀਆਂ ਸਾਵਧਾਨੀਆਂ ਵੀ ਵਰਤੀਆਂ ਜਾ ਰਹੀਆਂ ਹਨ। ਬੀਤੇ ਦਿਨ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਜਾਏ ਗਏ ਨਗਰ ਕੀਰਤਨ ਸਮੇਂ ਆਪਸੀ ਦੂਰੀ ਅਤੇ ਮਾਸਕ ਪਹਿਨਣ ਦੇ ਨਿਯਮਾਂ ਦੀ ਉਲੰਘਣਾ ਹੋਈ ਸੀ। ਅਜਿਹੀ ਸਥਿਤੀ ਵਿੱਚ ਸ਼ੋ੍ਮਣੀ ਕਮੇਟੀ ਦੀ ਇਹ ਕਾਰਵਾਈ ਦੇਰ ਆਏ ਦਰੁਸਤ ਆਏ ਵਾਲੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਇਸ ਵੇਲੇ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਸਰਕਾਰ ਵੱਲੋਂ ਵੀ ਸਖਤੀ ਕੀਤੀ ਗਈ ਹੈ। ਅੱਜ ਹਫ਼ਤਾਵਾਰੀ ਤਾਲਾਬੰਦੀ ਦੌਰਾਨ ਦਰਬਾਰ ਸਾਹਿਬ ਵਿਖੇ ਸੰਗਤ ਦੀ ਆਮਦ ਵੀ ਘੱਟ ਰਹੀ।