ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 10 ਨਵੰਬਰ
ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਕਰੋਨਾ ਕਾਰਨ ਅੱਜ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂਕਿ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਮਹਾਮਾਰੀ ਕਾਰਨ ਹੁਣ ਤੱਕ 105 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਜਦੋਂਕਿ ਮੌਜੂਦਾ ਸਮੇਂ 45 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਜ਼ਿਲ੍ਹੇ ’ਚ 372 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਇਸ ਮਹਾਮਾਰੀ ਨੂੰ ਜੜੋਂ ਖ਼ਤਮ ਕੀਤਾ ਜਾ ਸਕੇ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਕਰੋਨਾਵਾਇਰਸ ਨੇ ਅੰਬਾਲਾ ਜ਼ਿਲ੍ਹੇ ਵਿਚ ਫਿਰ ਰਫ਼ਤਾਰ ਫੜ ਲਈ ਹੈ। ਅੱਜ 39 ਕੇਸ ਪਾਜ਼ੇਟਿਵ ਆਉਣ ਨਾਲ ਕੁਲ ਮਰੀਜ਼ਾਂ ਦੀ ਗਿਣਤੀ 9,254 ਹੋ ਗਈ ਹੈ। ਅੱਜ ਜ਼ਿਲ੍ਹੇ ਵਿਚ 41 ਮਰੀਜ਼ ਡਿਸਚਾਰਜ ਵੀ ਹੋਏ ਹਨ ਅਤੇ ਹੁਣ ਕੁਲ ਐਕਟਿਵ ਮਰੀਜ਼ 142 ਰਹਿ ਗਏ ਹਨ। ਜ਼ਿਲ੍ਹੇ ਵਿਚ ਹੁਣ ਤੱਕ 116 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਨਿਗਮ ਵੱਲੋਂ ਮੋਬਾਈਲ ਡਿਸਪਲੇਅ ਵੈਨ ਰਵਾਨਾ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ):ਚੰਡੀਗੜ੍ਹ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਤਿਉਹਾਰਾਂ ਦੇ ਮੌਕੇ ਕੋਵਿਡ-19 ਵਾਇਰਸ ਦੇ ਖਤਰੇ ਤੋਂ ਸੁਚੇਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਨਗਰ ਨਿਗਮ ਵਲੋਂ ਚਲਾਈ ਜਾਣ ਵਾਲੀ ਇੱਕ ਮੋਬਾਈਲ ਡਿਸਪਲੇਅ ਵੈਨ ਨੂੰ ਇਥੋਂ ਦੀ ਮੇਅਰ ਰਾਜ ਬਾਲਾ ਮਲਿਕ ਨੇ ਇਥੇ ਨਗਰ ਨਿਗਮ ਭਵਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਮੋਬਾਈਲ ਡਿਸਪਲੇਅ ਵੈਨ ਅਗਲੇ ਚਾਰ ਦਿਨਾਂ ਤੱਕ ਸ਼ਹਿਰ ਦੇ ਹਰ ਸੈਕਟਰ ਅਤੇ ਪਿੰਡ ਵਿੱਚ ਚੱਕਰ ਲਗਾ ਕੇ ਸ਼ਹਿਰ ਵਾਸੀਆਂ ਨੂੰ ਕੋਵਿਡ-19 ਵਾਇਰਸ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲਿਆਂ ਸਾਵਧਾਨੀਆਂ ਨੂੰ ਲੈਕੇ ਜਾਗਰੂਕ ਕਰੇਗੀ। ਮੇਅਰ ਰਾਜ ਬਾਲਾ ਮਲਿਕ ਨੇ ਦੱਸਿਆ ਕਿ ਚੰਡੀਗੜ੍ਹ ਨਗਰ ਨਿਗਮ ਵਲੋਂ ਤਿਆਰ ਕੀਤੀ ਗਈ ਇਹ ਮੋਬਾਈਲ ਡਿਸਪਲੇਅ ਵੈਨ 13 ਨਵੰਬਰ ਤੱਕ 4 ਦਿਨਾਂ ਦੀ ਜਾਗਰੂਕਤਾ ਮੁਹਿੰਮ ਲਈ ਪੂਰੇ ਸ਼ਹਿਰ ਵਿਚ ਜਾਵੇਗੀ।