ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਜੂਨ
ਸ਼ਹਿਰ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਮਗਰੋਂ ਪ੍ਰਸ਼ਾਸਨ ਵੱਲੋਂ ਐਲਾਨੇ ਗਏ ਕੰਟੇਨਮੈਂਟ ਜ਼ੋਨ ਵਿਚਲੇ ਕੁਝ ਇਲਾਕਿਆਂ ਦੇ ਲੋਕਾਂ ਵੱਲੋਂ ਕਰੋਨਾ ਸਬੰਧੀ ਟੈਸਟ ਕਰਾਉਣ ਤੋਂ ਨਾਂਹ ਕੀਤੇ ਜਾਣ ਕਾਰਨ ਸਿਹਤ ਵਿਭਾਗ ਦੁਚਿੱਤੀ ਵਿਚ ਹੈ।
ਪ੍ਰਸ਼ਾਸਨ ਨੇ ਬੰਬੇ ਵਾਲਾ ਖੂਹ, ਕਟੜਾ ਭਾਈ ਮੋਤੀ ਰਾਮ, ਕਟੜਾ ਪਰਜਾ, ਗੰਜ ਦੀ ਮੋਰੀ, ਕਟੜਾ ਚੜ੍ਹਤ ਸਿੰਘ, ਗਲੀ ਕਦਾਨੰਦ ਵਾਲੀ ਆਦਿ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਇਨ੍ਹਾਂ ਇਲਾਕਿਆਂ ਵਿਚੋਂ ਵੱਡੀ ਗਿਣਤੀ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਇਹ ਇਲਾਕੇ ਸੀਲ ਕਰ ਦਿੱਤੇ ਗਏ ਹਨ। ਇਸ ਇਲਾਕੇ ਨੂੰ ਕੀਟਾਣੂ ਮੁਕਤ ਕਰਨ ਲਈ ਕਈ ਵਾਰ ਦਵਾਈ ਦਾ ਛਿੜਕਾਅ ਕਰ ਕੇ ਸੈਨੇਟਾਈਜ਼ ਵੀ ਕੀਤਾ ਗਿਆ ਹੈ। ਇਸੇ ਤਹਿਤ ਇਨ੍ਹਾਂ ਇਲਾਕਿਆਂ ਵਿਚ ਲੋਕਾਂ ਦੇ ਕਰੋਨਾ ਟੈਸਟ ਕਰਵਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪ੍ਰਕਿਰਿਆ ਅਰੰਭੀ ਗਈ ਹੈ। ਆਂਗਣਵਾੜੀ ਵਰਕਰ ਅਤੇ ਹੋਰ ਕਰਮਚਾਰੀ ਇਨ੍ਹਾਂ ਇਲਾਕਿਆਂ ਵਿਚ ਘਰ-ਘਰ ਜਾ ਕੇ ਲੋਕਾਂ ਦੀ ਸਿਹਤ ਦਾ ਪਤਾ ਲਾ ਰਹੇ ਹਨ। ਜਿਨ੍ਹਾਂ ਘਰਾ ਵਿਚ ਵਡੇਰੀ ਉਮਰ ਦੇ ਲੋਕ ਹਨ ਅਤੇ ਉਨ੍ਹਾਂ ਨੂੰ ਇਸ ਬੀਮਾਰੀ ਸਬੰਧੀ ਕੋਈ ਲੱਛਣ ਹਨ, ਉਨ੍ਹਾਂ ਨੂੰ ਕਰੋਨਾ ਟੈਸਟ ਕਰਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਲੋਕਾਂ ਵੱਲੋਂ ਕਰੋਨਾ ਟੈਸਟ ਕਰਾਉਣ ਸਬੰਧੀ ਨਾਂਹ-ਪੱਖੀ ਵਤੀਰਾ ਅਪਣਾਇਆ ਜਾ ਰਿਹਾ ਹੈ, ਜਿਸ ਕਾਰਨ ਸਿਹਤ ਵਿਭਾਗ ਮੁਸ਼ਕਲ ਮਹਿਸੂਸ ਕਰ ਰਿਹਾ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਵੀ ਇਸ ਇਲਾਕੇ ਵਿਚ ਮੋਹਤਬਰਾਂ ਦੀ ਮਦਦ ਨਾਲ ਲੋਕਾਂ ਨੂੰ ਕਰੋਨਾ ਟੈਸਟ ਕਰਾਉਣ ਲਈ ਪ੍ਰੇਰਿਆ ਗਿਆ।
ਗੇਟ ਖਜ਼ਾਨਾ ਸਿਹਤ ਕੇਂਦਰ ਦੇ ਮੈਡੀਕਲ ਅਧਿਕਾਰੀ ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਇਕਾਂਤਵਾਸ ਵਾਰਡ ਦੇ ਪ੍ਰਬੰਧਾਂ ਬਾਰੇ ਹੋਏ ਨਾਂਹ ਪੱਖੀ ਪ੍ਰਚਾਰ ਤੋਂ ਡਰੇ ਲੋਕ ਕਰੋਨਾ ਟੈਸਟ ਕਰਾਉਣ ਤੋਂ ਭੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਮੋਹਤਬਰਾਂ ਦੀ ਮਦਦ ਨਾਲ ਲੋਕਾਂ ਨੂੰ ਇਕ-ਦੋ ਦਿਨਾਂ ਵਿਚ ਟੈਸਟ ਕਰਾਉਣ ਵਾਸਤੇ ਪ੍ਰੇਰਿਆ ਗਿਆ ਹੈ। ਉਨ੍ਹਾਂ ਅੱਜ ਬੰਬੇ ਵਾਲਾ ਖੂਹ, ਕਟੜਾ ਪਰਜਾ, ਕਟੜਾ ਸੰਤ ਸਿੰਘ ਆਦਿ ਵਿਚ ਲੋਕਾਂ ਨੂੰ ਪ੍ਰੇਰਿਆ।
ਫੁੱਲਾਂ ਵਾਲਾ ਚੌਕ ਇਲਾਕੇ ਦੇ ਦੁਕਾਨਦਾਰਾਂ ਨੇ ਅੱਜ ਭਾਜਪਾ ਆਗੂ ਜਨਾਰਦਨ ਸ਼ਰਮਾ ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਆਖਿਆ ਕਿ ਫੁੱਲਾਂ ਵਾਲਾ ਚੌਕ ਦੇ ਮਰੀਜ਼ ਹੁਣ ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਵਿਚ ਰੱਖਿਆ ਗਿਆ ਹੈ, ਜਿਸ ਕਾਰਨ ਉੱਥੇ ਕਾਰੋਬਾਰ ਬੰਦ ਹਨ। ਉਨ੍ਹਾਂ ਫੁੱਲਾਂ ਵਾਲਾ ਚੌਕ ਇਲਾਕੇ ਨੂੰ ਖੋਲ੍ਹਣ ਦੀ ਮੰਗ ਕੀਤੀ।
ਅੰਮ੍ਰਿਤਸਰ ’ਚ ਚਾਰ ਹੋਰ ਮੌਤਾਂ, 15 ਨਵੇਂ ਕੇਸ
ਅੱਜ ਇੱਥੇ ਕਰੋਨਾ ਪੀੜਤ ਚਾਰ ਮਰੀਜ਼ਾਂ ਦੀ ਮੌਤ ਹੋ ਗਈ ਤੇ 15 ਹੋਰ ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਕਰੋਨਾਵਾਇਰਸ ਕਾਰਨ ਜਿਨ੍ਹਾਂ ਚਾਰ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ ਨਵਾਂ ਕੋਟ ਇਲਾਕੇ ਦੀ ਅਮਰਜੀਤ ਕੌਰ (61), ਲਾਹੌਰੀ ਗੇਟ ਇਲਾਕੇ ਦਾ ਅਸ਼ੋਕ ਕੁਮਾਰ (45), ਗੇਟ ਹਕੀਮਾਂ ਦਾ ਸਤੀਸ਼ ਕੁਮਾਰ (63) ਅਤੇ ਢਾਬ ਖਟੀਕਾਂ ਵਾਸੀ ਨਰੇਸ਼ ਕੁਮਾਰ (70) ਸ਼ਾਮਲ ਹਨ। ਇਸ ਨਾਲ ਜ਼ਿਲ੍ਹੇ ਵਿਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਅੱਜ 15 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 11 ਮਰੀਜ਼ਾਂ ਦਾ ਯਾਤਰਾ ਜਾਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ।