ਸ਼ਗਨ ਕਟਾਰੀਆ
ਬਠਿੰਡਾ, 11 ਜੂਨ
ਸਵਾਰੀਆਂ ਦੀ ਬਹੁਤਾਤ ਅਤੇ ਲਾਰੀਆਂ ਦੀ ਘਾਟ ਲੋਕਾਂ ਨੂੰ ਰੇਲਾਂ ਯਾਦ ਕਰਵਾ ਰਹੀ ਹੈ। ਉਂਜ ਬੱਸਾਂ ਚੱਲ ਤਾਂ ਰਹੀਆਂ ਹਨ ਪਰ ਟਾਈਮ ਘੱਟ ਹੋਣ ਕਾਰਨ ਕਰੋਨਾ ਨਿਯਮ ਛਿੱਕੇ ਟੰਗੇ ਜਾ ਰਹੇ ਹਨ। ਕਾਰਾਂ, ਲੋਕਾਂ ਨੂੰ ਵਾਰਾ ਨਹੀਂ ਖਾਂਦੀਆਂ। ਤਿੰਨ ਜਣਿਆਂ ਤੋਂ ਵੱਧ ਹੋਣ ਦੀ ਸੂਰਤ ’ਚ ਮੋਟੇ ਚਲਾਨ ਭੁਗਤਣੇ ਪੈਂਦੇ ਹਨ।
ਬਠਿੰਡਾ ਤੋਂ ਰੋਜ਼ਾਨਾ ਹਜ਼ਾਰਾਂ ਕਰਮਚਾਰੀ ਆਸ-ਪਾਸ ਦੇ 100 ਕਿਲੋਮੀਟਰ ਦੇ ਘੇਰੇ ਤੱਕ ਡਿਊਟੀ ਕਰਨ ਜਾਂਦੇ ਹਨ। ਇਨ੍ਹਾਂ ’ਚੋਂ ਬਹੁਤਿਆਂ ਦੀ ਆਵਾਜਾਈ ਦਾ ਸਸਤਾ ਤੇ ਵਧੀਆ ਸਾਧਨ ਰੇਲ ਗੱਡੀ ਹੈ। ਤਾਲਾਬੰਦੀ ਦੌਰਾਨ ਰੇਲਾਂ ਅਤੇ ਬੱਸਾਂ ਦਾ ਚੱਕਾ ਜਾਮ ਹੋਣ ਕਾਰਨ ਇਨ੍ਹਾਂ ਦੀ ਮਜਬੂਰੀ ਦਾ ਸਾਧਨ ਨਿੱਜੀ ਵਾਹਨ ਬਣੇ। ਬੱਸਾਂ ਦੀ ਬੇਯਕੀਨੀ ਵਾਲੀ ਸਮਾਂ ਸਾਰਣੀ ਅਤੇ ਵਧੇਰੇ ਸਵਾਰੀਆਂ ਹੋਣ ਕਰਕੇ ਮੁਲਾਜ਼ਮ ਇਨ੍ਹਾਂ ’ਚ ਪੈਰ ਪਾਉਣ ਤੋਂ ਕੰਨੀ ਕਤਰਾਉਂਦੇ ਹਨ। ਉਂਜ ਵੀ ਨਿੱਜੀ ਬੱਸਾਂ 25 ਸਵਾਰੀਆਂ ਵਾਲੇ ਕੋਵਿਡ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਸੜਕਾਂ ਨਾਪ ਰਹੀਆਂ ਹਨ। ਸਿਤਮਜ਼ਰੀਫ਼ੀ ਇਹ ਹੈ ਕਿ ਚਲਾਨ ਬੁੱਕ ’ਤੇ ਟਰੈਫ਼ਿਕ ਅਧਿਕਾਰੀਆਂ ਦੀ ਕਲਮ ਵੀ ਸਿਰਫ ਦੋਪਹੀਆ ਅਤੇ ਹਲਕੇ ਵਾਹਨਾਂ ਲਈ ਚੱਲਦੀ ਹੈ। ਸਿਆਸੀ ਰਸੂਖ਼ ਵਾਲੇ ਵੱਡੇ ਟਰਾਂਸਪੋਰਟਰਾਂ ਦੀਆਂ ਮੋਟਰਾਂ ਮੋਟੀ ਕਮਾਈ ਕਰਨ ਲਈ ਮੁੜ ਸੜਕਾਂ ’ਤੇ ਉੱਤਰੀਆਂ ਹਨ।
ਰੋਜ਼ਾਨਾ ਦੇ ਮੁਸਾਫ਼ਰ ਮੁਲਾਜ਼ਮਾਂ ਦਾ ਦੁੱਖ ਹੈ ਕਿ ਕਈ ਸਰਕਾਰੀ ਅਦਾਰੇ ਅਜਿਹੇ ਸਨ ਜੋ ਕਰਫ਼ਿਊ ਅਤੇ ਤਾਲਾਬੰਦੀ ’ਚ ਵੀ ਸਰਗਰਮ ਰਹੇ। ਇਨ੍ਹਾਂ ’ਚ ਕੰਮ ਕਰਦੇ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਨੌਕਰੀ ਖੁੱਸਣ ਦੇ ਡਰੋਂ ਪੱਲਿਓਂ ਪੈਟਰੋਲ ਫੂਕਿਆ ਤੇ ਆਪਣੇ ਵਾਹਨ ਵੀ ਭੰਨੇ। ਉਹ ਸਬੰਧਤ ਵਿਭਾਗਾਂ ਤੋਂ ਖ਼ਰਚੇ ਦੀ ਮੰਗ ਕਰ ਰਹੇ ਹਨ। ਬਠਿੰਡਾ ਤੋਂ ਸੌ ਕਿਲੋਮੀਟਰ ਫ਼ਿਰੋਜ਼ਪੁਰ ਡਿਊਟੀ ਕਰਨ ਜਾਂਦੇ ਮੁਲਾਜ਼ਮਾਂ ਨੇ ਦੱਸਿਆ ਕਿ ਖ਼ਰਚੇ ਦੇ ਬਜਟ ਨੂੰ ਕਾਬੂ ’ਚ ਰੱਖਣ ਲਈ ਜਦੋਂ ਉਹ ਚਾਰ-ਚਾਰ ਜਣੇ ਕਾਰਾਂ ’ਤੇ ਜਾਣ ਲੱਗੇ ਤਾਂ ਪੁਲੀਸ ਨੇ ਚਲਾਨ ਕੱਟ ਕੇ ਹਿਸਾਬ ਬਰਾਬਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਨੱਕੋ-ਨੱਕ ਭਰੀਆਂ ਬੱਸਾਂ ’ਚ ਚੜ੍ਹਨ ਦਾ ਕੋਈ ਹੱਜ ਨਹੀਂ। ਸੁੱਖ ਦਾ ਸਾਹ ਉਦੋਂ ਆਊਗਾ ਜਦੋਂ ਰੇਲਾਂ ਚੱਲਣਗੀਆਂ। ਉਨ੍ਹਾਂ ਕਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਰੇਲਾਂ ਚਲਾ ਕੇ ਨਿੱਤ ਦੇ ਮੁਸਾਫ਼ਿਰਾਂ ਨੂੰ ਰਾਹਤ ਦਿੱਤੀ ਜਾਵੇ।