ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਅਗਸਤ
ਕੋਵਿਡ-19 ਜ਼ਿਲ੍ਹਾ ਨੋਡਲ ਅਫ਼ਸਰ ਉੱਤੇ ਨਮੂਨੇ ਜਾਂਚ ਲਈ ਲੱਗੇ ਵੱਢੀ ਦੇ ਦੋਸ਼ ਪੁਲੀਸ ਦੀ ਮੁੱਢਲੀ ਜਾਂਚ ’ਚ ਸਾਬਤ ਹੋਣ ’ਤੇ ਸਿਟੀ ਪੁਲੀਸ ਵੱਲੋਂ ਉਸ ਨੂੰ ਹਿਰਾਸਤ ’ਚ ਲੈਣ ਮਗਰੋਂ ਦੇਰ ਰਾਤ ਨੂੰ ਕਥਿਤ ਰਾਜਸੀ ਦਖ਼ਲ ਮਗਰੋਂ ਮਾਮਲਾ ਰਫ਼ਾ ਦਫ਼ਾ ਕਰਨ ਲਈ ਅਧਿਕਾਰੀਆਂ ਵਿੱਚ ਰੱਸਾ ਕਸ਼ੀ ਸੂਰੂ ਹੋ ਗਈ ਹੈ।
ਇਸ ਮਾਮਲੇ ’ਚ ਪੁਲੀਸ ਅਧਿਕਾਰੀ ਜਾਂਚ ਦਾ ਵਿਸ਼ਾ ਆਖ ਕੇ ਪੱਲਾ ਝਾੜ ਰਹੇ ਹਨ। ਕਰੋਨਾ ਨੋਡਲ ਅਫ਼ਸਰ ਡਾ. ਨਰੇਸ਼ ਆਮਲਾ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਹਾਲੇ ਜਾਂਚ ਚੱਲ ਰਹੀ ਹੈ। ਚਰਨਜੀਤ ਸਿੰਘ ਪਿੰਡ ਦੇਹੜਕਾ(ਲੁਧਿਆਣਾ) ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰਕੇ ਐਨਆਰਅਈਜ਼ ਕੋਲੋਂ ਕਰੋਨਾ ਨਮੂਨੇ ਜਾਂਚ ਲਈ ਪ੍ਰਤੀ ਵਿਅਕਤੀ 3500 ਰੁਪਏ ਦੀ ਵੱਢੀ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਕੋਵਿਡ-19 ਜ਼ਿਲ੍ਹਾ ਨੋਡਲ ਅਫ਼ਸਰ ਨੇ ਐੱਸਐੱਸਪੀ ਨੂੰ 48 ਵਿਅਕਤੀਆਂ ਦੇ ਕਰੋਨਾ ਨਮੂਨੇ ਚੈੱਕ ਕਰਵਾਉਣ ਅਤੇ ਪਾਜ਼ੇਟਿਵ ਰਿਪੋਰਟ ਨੂੰ ਨੈਗਟਿਵ ਕਰਨ ਲਈ1.70 ਲੱਖ ਰੁਪਏ ਦੀ ਵੱਢੀ ਦਾ ਲੈਣ ਦੇਣ ਕਰਵਾਉਣ ਵਾਲੇ ਓਮ ਪ੍ਰਕਾਸ਼ ਖ਼ਿਲਾਫ਼ ਸ਼ਿਕਾਇਤ ਕਰ ਦਿੱਤੀ ਗਈ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਐੱਨਆਰਆਈਜ਼ ਤੋਂ ਵੱਢੀ ਲੈਣ ਮਾਮਲੇ ਨੂੰ ਸਖ਼ਤੀ ਨਾਲ ਲੈਂਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੂੰ ਤਰੁੰਤ ਕਾਰਵਾਈ ਲਈ ਲਿਖ ਦਿੱਤਾ। ਮੁਢਲੀ ਜਾਂਚ ’ਚ ਵੱਢੀ ਦੇ ਦੋਸ਼ ਸਾਬਤ ਹੋ ਗਏ ਤਾਂ ਉਥੋਂ ਹੀ ਡਾ. ਨਰੇਸ਼ ਆਮਲਾ ਤੇ ਓਮ ਪ੍ਰਕਾਸ਼ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਇਸ ਵੱਢੀ ਲੈਣ ਮਾਮਲੇ ’ਚ ਹੋਰ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਕਥਿਤ ਤੌਰ ਉੱਤੇ ਨਾਮ ਆਉਣ ਲੱਗੇ ਤਾਂ ਕਥਿਤ ਤੌਰ ਉੱਤੇ ਸਿਆਸੀ ਦਖ਼ਲ ਬਾਅਦ ਹਿਰਾਸਤ ’ਚ ਲਏ ਡਾ. ਆਮਲਾ ਨੂੰ ਛੱਡ ਦਿੱਤਾ ਗਿਆ। ਪੁਲੀਸ ਸੂਤਰਾਂ ਨੇ ਦਾਅਵਾ ਕੀਤਾ ਕਿ ਹੁਣ ਐੱਸਐੱਸਪੀ ਨੇ ਮੁਢਲੀ ਜਾਂਚ ਰਿਪੋਰਟ ਡੀਸੀ ਨੂੰ ਭੇਜ ਦਿੱਤੀ ਹੈ। ਸਿਆਸੀ ਆਗੂਆਂ ਨੇ ਡਾ. ਆਮਲਾ ਵੱਲੋਂ ਵੱਢੀ ਦੀ ਰਕਮ ਵਾਪਸ ਕਰਨ ਦੀ ਗੱਲ ਆਖਣ ਉੱਤੇ ਸ਼ਿਕਾਇਤਕਰਤਾ ਚਰਨਜੀਤ ਸਿੰਘ ਪਿੰਡ ਦੇਹੜਕਾ(ਲੁਧਿਆਣਾ) ਤੋਂ ਸ਼ਿਕਾਇਤ ਵਾਪਸ ਕਰਵਾਉਣ ਦੀ ਜ਼ਿਮੇਵਾਰੀ ਵੀ ਚੁੱਕ ਲਈ ਹੈ। ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀਸੀਐੱਮਐੱਸ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਨੇ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਸਿਵਲ ਸਰਜਨ ਡਾ. ਅਮਨਪ੍ਰੀਤ ਕੌਰ ਬਾਜਵਾ ਵੱਲੋਂ ਜਥੇਬੰਦੀਆਂ ਦੀ ਭੇਜੀ ਉੱਚ ਅਧਿਕਾਰੀਆਂ ਨੂੰ ਮੰਗ ਉੱਤੇ ਹਾਲੇ ਤੱਕ ਜਾਂਚ ਸ਼ੁਰੂ ਨਹੀਂ ਹੋਈ।