ਸੰਤੋਖ ਗਿੱਲ
ਗੁਰੂਸਰ ਸੁਧਾਰ, 17 ਜੁਲਾਈ
ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚੋਂ ਅੱਵਲ ਰਹਿਣ ਵਾਲੇ ਕਮਿਊਨਿਟੀ ਸਿਹਤ ਕੇਂਦਰ ਸੁਧਾਰ ਵਿੱਚ ਆਰਟੀਪੀਸੀਆਰ ਨਮੂਨਿਆਂ ਵਾਲੀਆਂ ਸੈਂਕੜੇ ਸੀਲਬੰਦ ਸ਼ੀਸ਼ੀਆਂ ਕੂੜੇ ਦੇ ਢੇਰ ’ਚੋਂ ਮਿਲਣ ਕਾਰਨ ਲੋਕਾਂ ਨੂੰ ਉਨ੍ਹਾਂ ਦੇ ਟੈਸਟਾਂ ਦੀਆਂ ਮਿਲੀਆਂ ਰਿਪੋਰਟਾਂ ਸ਼ੱਕ ਦੇ ਘੇਰੇ ਵਿੱਚ ਆ ਗਈਆਂ ਹਨ। ਕਰੋਨਾ ਜਾਂਚ ਲਈ ਲਏ ਗਏ ਨਮੂਨਿਆਂ ਦੀਆਂ ਸੀਲਬੰਦ ਸ਼ੀਸ਼ੀਆਂ ’ਤੇ ਮਰੀਜ਼ਾਂ ਦੇ ਨਾਮ, ਪਤੇ ਅਤੇ ਨੰਬਰ ਵੀ ਲਿਖੇ ਹੋਏ ਹਨ। ਆਮ ਤੌਰ ’ਤੇ ਇਹ ਨਮੂਨੇ ਜਾਂਚ ਰਿਪੋਰਟ ਹਾਸਲ ਕਰਨ ਲਈ ਸਿਵਲ ਹਸਪਤਾਲ ਲੁਧਿਆਣਾ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਨੂੰ ਭੇਜੇ ਜਾਂਦੇ ਹਨ ਪਰ ਕੂੜੇ ਦੇ ਢੇਰ ਵਿੱਚੋਂ ਮਿਲੇ ਨਮੂਨਿਆਂ ਤੋਂ ਪਤਾ ਲੱਗਿਆ ਹੈ ਕਿ ਸੈਂਕੜੇ ਨਮੂਨੇ ਆਪਣੀ ਮੰਜ਼ਿਲ ’ਤੇ ਕਦੇ ਪਹੁੰਚੇ ਹੀ ਨਹੀਂ ਅਤੇ ਇਸ ਦੇ ਬਾਵਜੂਦ ਲੋਕਾਂ ਨੂੰ ਰਿਪੋਰਟਾਂ ਮਿਲਣਾ ਕਈ ਸਵਾਲ ਖੜ੍ਹੇ ਕਰਦਾ ਹੈ। ਕਮਿਊਨਿਟੀ ਸਿਹਤ ਕੇਂਦਰ ਦੇ ਕਰੋਨਾ ਜਾਂਚ ਕੇਂਦਰ ਦੀ ਇਮਾਰਤ ਪਿੱਛੇ ਲੱਗੇ ਕੂੜੇ ਦੇ ਢੇਰ ’ਤੇ ਕਰੋਨਾ ਦੇ ਸੈਂਕੜੇ ਸੀਲਬੰਦ ਨਮੂਨਿਆਂ ਦੀਆਂ ਸ਼ੀਸ਼ੀਆਂ ਸਮੇਤ ਅਣਵਰਤੀਆਂ ਪੈਥ-ਕਿਟਸ (ਜਾਂਚ ਸਲਾਈ) ਦੇ ਸੈਂਕੜੇ ਨਵੇਂ ਬੰਡਲ ਅਤੇ ਵੱਡੀ ਗਿਣਤੀ ਵਰਤੀਆਂ ਜਾਂਚ ਸਲਾਈਆਂ ਵੀ ਬਰਾਮਦ ਹੋਈਆਂ ਹਨ। ਕੂੜੇ ਦੇ ਢੇਰ ’ਤੇ ਬਾਇਓ-ਵੇਸਟ ਸਮੱਗਰੀ ਮਿਲਣ ਕਾਰਨ ਬਾਇਓ-ਵੇਸਟ ਟਿਕਾਣੇ ਲਾਉਣ ਲਈ ਹਰ ਸਾਲ ਖ਼ਰਚੇ ਜਾਂਦੇ ਲੱਖਾਂ ਰੁਪਏ ਦੇ ਬਜਟ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਸਿਹਤ ਕੇਂਦਰ ਸੁਧਾਰ ਦੇ ਸੀਨੀਅਰ ਮੈਡੀਕਲ ਅਫ਼ਸਰ ਦਵਿੰਦਰ ਕੁਮਾਰ ਨੇ ਅਣਜਾਣਤਾ ਪ੍ਰਗਟ ਕਰਦਿਆਂ ਜਾਂਚ ਕਰਵਾਉਣ ਦੀ ਗੱਲ ਆਖ ਕੇ ਪੱਲਾ ਝਾੜ ਲਿਆ। ਉਨ੍ਹਾਂ ਇਸ ਦਾ ਠੀਕਰਾ ਨੋਡਲ ਅਫ਼ਸਰ ਅਤੇ ਫਾਰਮੇਸੀ ਟੀਮ ਸਿਰ ਭੰਨ੍ਹ ਦਿੱਤਾ। ਉਨ੍ਹਾਂ ਕਿਹਾ ਕਿ ਨਮੂਨਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰੀਸ਼ਦ ਦੀ ਟੀਮ ਕੋਲ ਹੈ। ਉੱਧਰ, ਸਿਵਲ ਸਰਜਨ ਲੁਧਿਆਣਾ ਡਾ. ਐੱਸ.ਪੀ. ਸਿੰਘ ਨੇ ਮਾਮਲੇ ਨੂੰ ਬੇਹੱਦ ਗੰਭੀਰ ਦੱਸਦਿਆਂ ਐੱਸਐੱਮਓ ਸੁਧਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਕਿਸੇ ਹੋਰ ਦੇ ਸਿਰ ਜ਼ਿੰਮੇਵਾਰੀ ਸੁੱਟ ਕੇ ਉਹ ਸੁਰਖ਼ਰੂ ਨਹੀਂ ਹੋ ਸਕਦੇ।
ਸਿਹਤ ਮੰਤਰੀ ਵੱਲੋਂ ਉੱਚ ਪੱਧਰੀ ਜਾਂਚ ਦਾ ਭਰੋਸਾ
ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਸ ਗੰਭੀਰ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਸਿਹਤ ਨਾਲ ਜੁੜਿਆ ਮਾਮਲਾ ਹੈ ਅਤੇ ਇਸ ਵਿੱਚ ਲਾਪ੍ਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਗੰਭੀਰ ਗ਼ਲਤੀ ਲਈ ਜ਼ਿੰਮੇਵਾਰ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।