ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਮਈ
ਰਾਜਸਥਾਨ ਦੇ ਪਰਾਨਧਾਰੀਨ ਟਰੱਸਟ ਵੱਲੋਂ ਕਰੋਨਾ ਦੌਰਾਨ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਮਦਦ ਲਈ ਕੋਵੀਸਰਵ ਸੇਵਾ ਦੀ ਰਸਮੀ ਸ਼ੁਰੂਆਤ ਅੱਜ ਹਰਿਮੰਦਰ ਸਾਹਿਬ ਵਿਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਕਰਵਾਈ ਗਈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ 29 ਮਈ ਨੂੰ ਹਰਿਮੰਦਰ ਸਾਹਿਬ ਪਲਾਜ਼ਾ ਵਿਚ ਕਰੋਨਾ ਦੇ ਮੁਫਤ ਟੀਕਾਕਰਨ ਦਾ ਕੈਂਪ ਲਾਉਣ ਦਾ ਐਲਾਨ ਕੀਤਾ।
ਪਰਾਨਧਾਰੀਨ ਟਰੱਸਟ ਦੇ ਮੁਖੀ ਡਾ. ਸੰਜੀਵ ਕੁਮਾਰ ਦਾਸ (ਜੈਸਲਮੇਰ ਵਿਚ ਪ੍ਰੋਵੀਡੈਂਟ ਫੰਡ ਅਫ਼ਸਰ) ਨੇ ਦੱਸਿਆ ਕਿ ਕਰੋਨਾ ਕਾਰਨ ਜਿਨ੍ਹਾਂ ਪਰਿਵਾਰਾਂ ਵਿਚ ਕਮਾਊ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਪਿੱਛੇ ਪਰਿਵਾਰ ਲਈ ਵੱਡਾ ਆਰਥਿਕ ਸੰਕਟ ਪੈਦਾ ਹੋ ਗਿਆ ਹੈ, ਅਜਿਹੇ ਪੀੜਤ ਪਰਿਵਾਰਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਰੁਜ਼ਗਾਰ ਦੇ ਯੋਗ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਪੀੜਤ ਪਰਿਵਾਰ ਪਰਾਨ ਐਪੀਲੀਕੇਸ਼ਨ ਜ਼ਰੀਏ ਰਜਿਸਟਰਡ ਹੋ ਸਕਣਗੇ, ਜਿਸ ਤੋਂ ਬਾਅਦ ਟਰੱਸਟ ਵੱਲੋਂ ਉਨ੍ਹਾਂ ਦੀ ਲੋੜ ਅਨੁਸਾਰ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਨੁੱਖੀ ਸੇਵਾ ਲਈ ਸੱਚਖੰਡ ਹਰਿਮੰਦਰ ਸਾਹਿਬ ਤੋਂ ਵੱਡੀ ਕੋਈ ਮਿਸਾਲ ਨਹੀਂ ਹੈ, ਇਸੇ ਕਰਕੇ ਕੋਵੀਸਰਵ ਪ੍ਰਾਜੈਕਟ ਦੀ ਸ਼ੁਰੂਆਤ ਇਥੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਸੇਵਾ ਦੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਕੋਲੋਂ ਕਰਵਾਈ। ਉਨ੍ਹਾਂ ਕਿਹਾ ਕਿ ਇਸ ਸੇਵਾ ਦਾ ਲਾਭ ਪੰਜਾਬ ਦੇ ਲੋਕ ਵੀ ਲੈ ਸਕਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਸੰਸਥਾ ਵੱਲੋਂ ਪੰਜ ਹਜ਼ਾਰ ਕਰੋਨਾ ਵੈਕਸੀਨ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਲੋਕਾਂ ਨੂੰ ਮੁਫ਼ਤ ਲਗਾਈ ਜਾਵੇਗੀ। ਇਸ ਸਬੰਧ ਵਿਚ ਹਰਿਮੰਦਰ ਸਾਹਿਬ ਸਾਹਮਣੇ ਪਲਾਜ਼ਾ ਵਿਚ 29 ਮਈ ਤੋਂ ਕੈਂਪ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 53 ਲੱਖ ਰੁਪਏ ਖਰਚੇ ਗਏ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਲਾਭ ਲੈਣ ਲਈ ਆਪਣੇ ਆਧਾਰ ਕਾਰਡ ਸਹਿਤ ਪੁੱਜਣ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਤੋਂ ਫਾਈਜ਼ਰ ਵੈਕਸੀਨ ਮੰਗਵਾਉਣ ਦੀ ਆਗਿਆ ਦੇਣ ਲਈ ਵੀ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ ਪਰ ਅਜੇ ਤੀਕ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ਨੂੰ ਇਸ ਵੈਕਸੀਨ ਲਈ ਸਹਿਯੋਗ ਕਰਨਾ ਚਾਹੁੰਦੀਆਂ ਹਨ ਪਰ ਭਾਰਤ ਸਰਕਾਰ ਅੜਿੱਕਾ ਬਣੀ ਹੋਈ ਹੈ।