ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਨਵੰਬਰ
ਕਰੋਨਾ ਦੇ ਸਿਖਰ ਵੇਲੇ ਵਾਲੰਟੀਅਰਾਂ ਵਜੋਂ ਸੇਵਾਵਾਂ ਨਿਭਾਉਣ ਮਗਰੋਂ ਵਿਹਲੇ ਕੀਤੇ ਡਾਕਟਰਾਂ, ਸਟਾਫ ਨਰਸਾਂ, ਪੈਰਾ-ਮੈਡੀਕਲ ਸਟਾਫ, ਲੈਬ ਅਟੈਂਡੈਂਟਸ ਅਤੇ ਲੈਬ ਤਕਨੀਸ਼ੀਅਨਾਂ ਨੇ ਅੱਜ ਇੱਥੇ ਖੰਡਾ ਚੌਕ ਵਿੱਚ ਧਰਨਾ ਲਾ ਕੇ ਇਸ ਖੇਤਰ ਦੀਆਂ ਸੜਕਾਂ ਜਾਮ ਕਰ ਦਿੱਤੀਆਂ। ਆਵਾਜਾਈ ’ਚ ਪਏ ਵਿਘਨ ਕਾਰਨ ਲੋਕ ਖੱਜਲ-ਖੁਆਰ ਹੋਏ। ਇਨ੍ਹਾਂ ਵਾਲੰਟੀਅਰਾਂ ਨੇ ਲੋਕਾਂ ਨੂੰ ਸਰਕਾਰ ਵਿਰੋਧੀ ਪਰਚੇ ਵੰਡੇ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਵਾਲੰਟੀਅਰਾਂ ਵੱਲੋਂ ਬਣਾਈ ਗਈ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਇੱਥੇ ਸਰਹਿੰਦ ਚੌਕ ’ਤੇ ਲਾਇਆ ਗਿਆ ਪੱਕਾ ਮੋਰਚਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਮੋਰਚੇ ਵਾਲੀ ਥਾਂ ਤੋਂ ਮਾਰਚ ਕਰਦਿਆਂ ਖੰਡਾ ਚੌਕ ਅੱਪੜੇ ਇਨ੍ਹਾਂ ਵਾਲੰਟੀਅਰਾਂ ਨੇ ਧਰਨਾ ਲਾ ਕੇ ਘੰਟਾ ਭਰ ਚੌਕ ਜਾਮ ਰੱਖਿਆ। ਮੋਗੇ ਤੋਂ ਆਈ ਅਮਨਦੀਪ ਕੌਰ ਭੰਗੂ ਨੇ ਕਿਹਾ ਕਿ ਕਰੋਨਾ ਦੇ ਸਿਖਰ ਦੌਰਾਨ ਉਹ ਅਤੇ ਉਸ ਦੀਆਂ ਸਾਥਣਾਂ ਮੌਤ ਦੇ ਮੂੰਹ ’ਚ ਰਹਿੰਦਿਆਂ ਕਰੋਨਾ ਵਾਰਡ ’ਚ ਕੰਮ ਕਰਦੀਆਂ ਰਹੀਆਂ। ਨਾਭਾ ਤੋਂ ਆਏ ਲੈਬ ਤਕਨੀਸ਼ਨ ਸਤਿਨਾਮ ਸਿੰਘ, ਵਾਰਡ ਅਟੈਂਡੈਂਟ ਗੁਰਪ੍ਰੀਤ ਕੌਰ, ਸਟਾਫ਼ ਨਰਸ ਸਤਵਿੰਦਰ ਕੌਰ ਅਤੇ ਕਵਲਜੀਤ ਕੌਰ ਨੇ ਸੇਵਾਵਾਂ ਦੀ ਬਹਾਲੀ ’ਤੇ ਜ਼ੋਰ ਦਿੱਤਾ। ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਹਰਦੀਪ ਕੌਹਰੀਆਂ ਨੇ ਕਿਹਾ ਕਿ ਸਰਕਾਰ ਨੇ ਵਿਹਲੇ ਕਰ ਕੇ ਉਨ੍ਹ ਨੂੰ ਸੜਕਾਂ ’ਤੇ ਰੁਲਣ ਲਈ ਮਜਬੂਰ ਕਰ ਦਿੱਤਾ ਹੈ। ਇਸ ਦੌਰਾਨ ਟਰੈਫਿਕ ਇੰਚਾਰਜ ਸਿਟੀ 2 ਭਗਵਾਨ ਲਾਡੀ ਦੀ ਅਗਵਾਈ ਹੇਠ ਪੁਲੀਸ ਫੋਰਸ ਸੁਰੱਖਿਆ ਪ੍ਰਬੰਧਾਂ ਤੇ ਟਰੈਫਿਕ ਪ੍ਰਬੰਧ ਯਕੀਨੀ ਬਣਾਉਣ ’ਚ ਜੁਟੀ ਹੋਈ ਸੀ।