ਨਵੀਂ ਦਿੱਲੀ, 18 ਮਈ
‘ਸੂਤਰਾ’ ਮਾਡਲ ਮੁਤਾਬਕ ਤਾਮਿਲਨਾਡੂ, ਅਸਾਮ ਤੇ ਪੰਜਾਬ ਵਿਚ ਕਰੋਨਾ ਦੀ ਦੂਜੀ ਲਹਿਰ ਦਾ ਸਿਖ਼ਰ ਅਗਲੇ ਦੋ ਹਫ਼ਤਿਆਂ ਵਿਚ ਹੋ ਸਕਦਾ ਹੈ। ਮਾਡਲਿੰਗ ਮੁਤਾਬਕ ਰਾਹਤ ਦੀ ਗੱਲ ਇਹ ਹੈ ਕਿ ਦਿੱਲੀ ਤੇ ਮਹਾਰਾਸ਼ਟਰ, ਯੂਪੀ, ਛੱਤੀਸਗੜ੍ਹ, ਗੁਜਰਾਤ, ਮੱਧ ਪ੍ਰਦੇਸ਼ ਵਰਗੇ ਰਾਜਾਂ ਵਿਚ ਸਿਖ਼ਰ ਹੋ ਚੁੱਕਾ ਹੈ। ਆਈਆਈਟੀ-ਹੈਦਰਾਬਾਦ ਦੇ ਵਿਗਿਆਨੀ ਪ੍ਰੋ. ਐੱਮ. ਵਿਦਿਆਸਾਗਰ ਜਿਨ੍ਹਾਂ ਦੀ ਅਗਵਾਈ ਵਿਚ ਇਹ ਮਾਡਲ ਵਿਕਸਿਤ ਕੀਤਾ ਗਿਆ ਹੈ, ਨੇ ਦੱਸਿਆ ਕਿ ਦੇਸ਼ ਵਿਚ ਚਾਰ ਮਈ ਨੂੰ ਦੂਜੀ ਲਹਿਰ ਦਾ ਸਿਖ਼ਰ ਹੋ ਚੁੱਕਾ ਹੈ ਤੇ ਹੁਣ ਰੋਜ਼ਾਨਾ ਕੇਸ ਹੇਠਾਂ ਵੱਲ ਜਾ ਰਹੇ ਹਨ। ਹਾਲਾਂਕਿ ਸੱਤ ਮਈ ਨੂੰ ਸਭ ਤੋਂ ਵੱਧ 4,14,188 ਕੇਸ ਦਰਜ ਕੀਤੇ ਗਏ ਸਨ। ਪ੍ਰੋ. ਵਿਦਿਆਸਾਗਰ ਨੇ ਕਿਹਾ ਕਿ ਤਾਮਿਲਨਾਡੂ, ਪੰਜਾਬ, ਅਸਾਮ ਤੇ ਹਿਮਾਚਲ ਪ੍ਰਦੇਸ਼ ਵਿਚ ਸਿਖ਼ਰ ਹੋਣੀ ਬਾਕੀ ਹੈ। ਉੱਤਰੀ ਰਾਜਾਂ ਹਿਮਾਚਲ ਪ੍ਰਦੇਸ਼ ਤੇ ਪੰਜਾਬ ’ਚ ਹਾਲੇ ਕੇਸ ਵੱਧ ਰਹੇ ਹਨ। ਹਿਮਾਚਲ ਪ੍ਰਦੇਸ਼ ਵਿਚ 24 ਮਈ ਤੇ ਪੰਜਾਬ ’ਚ 22 ਮਈ ਤੱਕ ਦੂਜੀ ਲਹਿਰ ਦਾ ਸਿਖ਼ਰ ਹੋਣ ਦੀ ਸੰਭਾਵਨਾ ਜਤਾਈ ਗਈ ਹੈ। -ਪੀਟੀਆਈ