ਅਜੈ ਮਲਹੋਤਰਾ/ਡਾ.ਹਿਮਾਂਸ਼ੂ ਸੂਦ
ਬਸੀ ਪਠਾਣਾਂ/ਫ਼ਤਹਿਗੜ੍ਹ ਸਾਹਿਬ, 17 ਫ਼ਰਵਰੀ
ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿੱਛੇ ਅਡਾਨੀ ਤੇ ਅੰਬਾਨੀ ਜਿਹੇ ਕਾਰਪੋਰੇਟ ਘਰਾਣੇ ਅਤੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪਿੱਛੇ ਖ਼ਾਲਿਸਤਾਨੀ ਤਾਕਤਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਿੱਛੇ ਆਮ ਲੋਕਾਂ ਦੀ ਤਾਕਤ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਥਿਤ ਖ਼ਾਲਿਸਤਾਨੀ ਸਮਰਥਕਾਂ ਦੇ ਘਰਾਂ ਵਿੱਚ ਰਾਤਾਂ ਗੁਜ਼ਾਰਦੇ ਹਨ। ਰਾਹੁਲ ਗਾਂਧੀ ਵਿਧਾਨ ਸਭਾ ਹਲਕਿਆਂ ਬਸੀ ਪਠਾਣਾਂ ਤੇ ਫਤਹਿਗੜ੍ਹ ਸਾਹਿਬ ’ਤੋਂ ਕ੍ਰਮਵਾਰ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਤੇ ਕੁਲਜੀਤ ਸਿੰਘ ਨਾਗਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਂਜ ਆਪਣੀ ਚੋਣ ਤਕਰੀਰ ਦੌਰਾਨ ਰਾਹੁਲ ਗਾਂਧੀ ਨੇ ਸੂਬਾ ਪ੍ਰਧਾਨ ਅਤੇ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਾ ਨਾਮ ਤੱਕ ਨਹੀਂ ਲਿਆ। ਦੱਸ ਦਈਏ ਕਿ ਬਸੀ ਪਠਾਣਾਂ ਹਲਕੇ ’ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ, ਪਰ ਰਾਹੁਲ ਗਾਂਧੀ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ। ਦਿਲਚਸਪ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਇਸ ਰੈਲੀ ਵਿੱਚੋਂ ਗੈਰਹਾਜ਼ਰ ਰਹੇ।
ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿੱਚ ਕੀਤੀ ਚੋਣ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਇਸ ਲਈ ਲਾਹਿਆ ਗਿਆ ਕਿਉਂਕਿ ਉਨ੍ਹਾਂ ਨੇ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀਆਂ ਦਰਾਂ ਵਿੱਚ ਕਟੌਤੀ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਭਾਈਚਾਰਾ ਬਹੁਤ ਜ਼ਰੂਰੀ ਹੈ, ਜਿਸ ਨੂੰ ਸਿਰਫ ਕਾਂਗਰਸ ਪਾਰਟੀ ਹੀ ਕਾਇਮ ਰੱਖ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਅਗਲੀ ਸਰਕਾਰ ਵਿੱਚ ਬੋਰਡ/ਕਾਰਪੋਰੇਸ਼ਨਾਂ ਦੀ ਚੇਅਰਮੈਨੀ ਜਾਂ ਮੈਂਬਰੀ ਕਿਸੇ ਵਿਧਾਇਕ ਜਾਂ ਮੰਤਰੀ ਦੇ ਰਿਸ਼ਤੇਦਾਰ ਨੂੰ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਆਮ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਮੁੱਖ ਮੰਤਰੀ ਚੰਨੀ ਨੂੰ ਗਰੀਬ ਮੁੱਖ ਮੰਤਰੀ ਦੱਸਦਿਆਂ ਕਿਹਾ ਕਿ ਉਹ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਦੇ ਮਾਲਕ ਹਨ ਤੇ ਗਰੀਬਾਂ ਦਾ ਦਰਦ ਸਮਝਦੇ ਹਨ।
‘ਕੇਜਰੀਵਾਲ ਦੱਸਣ ਕਿ ਕੁਮਾਰ ਵਿਸ਼ਵਾਸ ਸੱਚ ਬੋਲ ਰਹੇ ਹਨ ਜਾਂ ਝੂਠ’
ਰਾਹੁਲ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਮੈਂਬਰ ਕੁਮਾਰ ਵਿਸ਼ਵਾਸ ਵੱਲੋਂ ਕੇਜਰੀਵਾਲ ਵਿਰੁੱਧ ਦਿੱਤੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦੱਸਣ ਕਿ ਕੁਮਾਰ ਵਿਸ਼ਵਾਸ ਸੱਚ ਬੋਲਦੇ ਹਨ ਜਾਂ ਝੂਠ। ਚੋਣ ਰੈਲੀ ਦੀ ਸ਼ੁਰੂਆਤ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੇ ਰਾਹੁਲ ਗਾਂਧੀ ਅਤੇ ਹੋਰ ਸੀਨੀਅਰ ਆਗੂਆਂ ਦਾ ਸਵਾਗਤ ਕੀਤਾ। ਮਗਰੋਂ ਫ਼ਤਹਿਗੜ੍ਹ ਵਿੱਚ ਕੀਤੀ ਚੋਣ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ‘ਆਪ’ ਪੰਜਾਬ ਲਈ ਵੱਡਾ ਖਤਰਾ ਹੈ ਅਤੇ ਕੇਜਰੀਵਾਲ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਮੁਹੱਲਾ ਕਲੀਨਿਕ ਦੇ ਦਮਗਜੇ ਮਾਰਨ ਵਾਲੀ ਕੇਜਰੀਵਾਲ ਸਰਕਾਰ ਦੇ ਸ਼ਾਸਨ ਵਿਚ ਲੋਕ ਕਰੋਨਾਂ ਦੌਰਾਨ ਸੜਕਾਂ ’ਤੇ ਤੜਫ਼ ਤੜਫ਼ ਕੇ ਮਰ ਰਹੇ ਸਨ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਦੀ ਗੱਲ ਕਰਨ ਵਾਲਾ ਕੇਜਰੀਵਾਲ ਮਾਣਹਾਨੀ ਕੇਸ ਤੋਂ ਡਰਦਾ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗ ਚੁੱਕਿਆ ਹੈ ਜਦੋਕਿ ਕਾਂਗਰਸ ਨੇ ਮਜੀਠੀਆ ਖਿਲਾਫ਼ ਕਾਰਵਾਈ ਕੀਤੀ ਹੈ।