ਆਤਿਸ਼ ਗੁਪਤਾ
ਚੰਡੀਗੜ੍ਹ, 6 ਦਸੰਬਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਪਹਿਲੀ ਵਾਰ ਸ਼ਾਮਲ ਕੀਤੇ ਗਏ ਸ਼ਹਿਰ ਦੇ 13 ਪਿੰਡਾਂ ਦੇ ਵਸਨੀਕਾਂ ਵੱਲੋਂ ਲਾਲ ਡੋਰੇ ਤੋਂ ਬਾਹਰ ਦੀਆਂ ਉਸਾਰੀਆਂ ਨੂੰ ਰੈਗੂਲਰ ਕਰਨ ਦਾ ਮੁੱਦਾ ਉਮੀਦਵਾਰਾਂ ਕੋਲ ਚੁੱਕਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਲਾਲ ਡੋਰੇ ਤੋਂ ਬਾਹਰ ਦੀਆਂ ਉਸਾਰੀਆਂ ’ਤੇ ਕੀਤੀ ਜਾ ਕਾਰਵਾਈ ਦੇ ਵਿਰੋਧ ਵਿੱਚ ਪਿੰਡ ਮਲੋਆ ਵਾਸੀ ਹਫ਼ਤੇ ਭਰ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਚੰਡੀਗੜ੍ਹ ਦੇ ਸਾਰੇ ਪਿੰਡਾਂ ਨੂੰ ਨਗਰ ਨਿਗਮ ਅਧੀਨ ਲਿਆਂਦਾ ਗਿਆ ਹੈ ਤਾਂ ਉੱਥੇ ਦੀਆਂ ਸਾਰੀਆਂ ਉਸਾਰੀਆਂ ਨੂੰ ਵੀ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵੀ ਨਗਰ ਨਿਗਮ ਆਉਂਦੇ ਇਲਾਕੇ ਦੀਆਂ ਸਾਰੀਆਂ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ। ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਸੁਣਨ ਲਈ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਪਿੰਡ ਮਲੋਆ ਵਾਸੀਆਂ ਨੂੰ ਮਿਲਣ ਲਈ ਪਹੁੰਚੇ। ਜਿੱਥੇ ਉਨ੍ਹਾਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ। ਭਾਜਪਾ ਪ੍ਰਧਾਨ ਸੂਦ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਨਿਗਮ ਨੇ 150 ਕਰੋੜ ਰੁਪਏ ਪਿੰਡਾਂ ਦੇ ਵਿਕਾਸ ਲਈ ਖਰਚੇ ਹਨ। ਜਦੋਂਕਿ ਪਿੰਡ ਦੇ ਵਿਕਾਸ ਲਈ ਹੋਰਨਾਂ ਪ੍ਰਾਜੈਕਟਾਂ ਨੂੰ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਗਮ ਵਿੱਚ ਮੁੜ ਕਾਬਜ਼ ਹੋਣ ਤੋਂ ਬਾਅਦ ਲਾਲ ਡੋਰੇ ਤੋਂ ਬਾਹਰ ਦੀਆਂ ਉਸਾਰੀਆਂ ਨੂੰ ਰੈਗੂਲਰ ਕਰਨ ਲਈ ਵੀ ਪਹਿਲਕਦਮੀ ਕੀਤੀ ਜਾਵੇਗੀ। ਸ੍ਰੀ ਸੂਦ ਦੇ ਭਰੋਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਖ਼ਤਮ ਕੀਤਾ।