ਪੱਤਰ ਪ੍ਰੇਰਕ
ਟਾਂਡਾ, 12 ਫਰਵਰੀ
ਟਾਂਡਾ ਉੜਮੁੜ ਦੀਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਵੱਲੋਂ ਚੋਣ ਪਿੜ ’ਚ ਉਤਾਰੇ ਗਏ ਤਿੰਨ ਉਮੀਦਵਾਰਾਂ ਨੇ ਚੋਣਾਂ ਨਾ ਲੜਨ ਦਾ ਫ਼ੈਸਲਾ ਕਰਕੇ ਪਾਰਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਇਹ ਫ਼ੈਸਲਾ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਤੋਂ ਪ੍ਰੇਰਿਤ ਹੋ ਕੇ ਲਿਆ। ਪਾਰਟੀ ਛੱਡਣ ਵਾਲੇ ਭਾਜਪਾ ਦੇ ਵਾਰਡ ਨੰਬਰ-8 ਤੋਂ ਉਮੀਦਵਾਰ ਬਲਜੀਤ ਸਿੰਘ, ਵਾਰਡ ਨੰਬਰ-7 ਤੋਂ ਜਸਵਿੰਦਰ ਕੌਰ ਅਤੇ ਵਾਰਡ ਨੰਬਰ-4 ਤੋਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਹੋਣ ਤੋਂ ਬਾਅਦ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨਾਲ ਹੋ ਰਹੀਆਂ ਵਧੀਕੀਆਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ। ਇਸ ਮੌਕੇ ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ, ਪ੍ਰਿਤਪਾਲ ਸਿੰਘ ਗੁਰਾਇਆ ਅਤੇ ਹਰਦੀਪ ਖੁੱਡਾ ਆਦਿ ਹਾਜ਼ਰ ਸਨ।