ਪੱਤਰ ਪ੍ਰੇਰਕ
ਜਗਰਾਉਂ, 26 ਜੂਨ
ਲੁਧਿਆਣੇ ਸ਼ਹਿਰ ਵਿੱਚ ਦੀ ਨਿਕਲਦੀ ਸਿੱਧਵਾਂ ਬਰਾਂਚ ਨਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਤੈਰਦੀਆਂ ਆ ਰਹੀਆਂ ਲਾਸ਼ਾਂ ਨਜ਼ਰੀਂ ਪੈ ਰਹੀਆਂ ਹਨ। ਪੁਲੀਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਬੀਤੇ ਦਿਨੀਂ ਮਲਸੀਹਾਂ ਬਾਜ਼ਨ ਪਾਵਰ ਪਲਾਂਟ ਕੋਲੋਂ ਪਿੱਛੋਂ ਤੈਰ ਕੇ ਆ ਰਹੀ ਲਾਸ਼ ਨੂੰ ਨਹਿਰ ’ਚੋਂ ਕਢਵਾਇਆ ਸੀ। ਇਲਾਕੇ ਦੇ ਲੋਕਾਂ ਦੇ ਦੱਸਣ ਮੁਤਾਬਕ, ਲਗਪਗ 10 ਦਿਨ ਤੋਂ ਰੋਜ਼ਾਨਾ ਹੀ ਕੋਈ ਨਾ ਕੋਈ ਲਾਸ਼ ਰੁੜੀ ਜਾਂਦੀ ਦੇਖੀ ਜਾਂਦੀ ਹੈ। ਇਲਾਕੇ ਦੇ ਇੰਦਰਜੀਤ ਸਿੰਘ, ਜਸਪਾਲ ਸਿੰਘ, ਹਰਮੀਤ ਸਿੰਘ, ਪਰਮਜੀਤ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਲਾਸ਼ਾਂ ਨੂੰ ਰੁਲਣ ਤੋਂ ਬਚਾਉਣ ਲਈ ਵਿਸ਼ੇਸ਼ ਸੈੱਲ ਦਾ ਗਠਨ ਕੀਤਾ ਜਾਵੇ। ਇੰਸਪੈਕਟਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਸੂਚਨਾ ਮਿਲਦੀ ਹੈ ਉਹ ਲਾਸ਼ ਨੂੰ ਨਹਿਰ ’ਚੋਂ ਕਢਵਾਉਂਦੇ ਹਨ।