ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 30 ਨਵੰਬਰ
ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਚਾਰ ਪੁਲੀਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਉਨ੍ਹਾਂ ਦੇ ਤਿੰਨ ਹੋਰ ਸਾਥੀ ਅਜੇ ਫਰਾਰ ਦੱਸੇ ਜਾਂਦੇ ਹਨ। ਇਸ ਮਾਮਲੇ ਵਿੱਚ ਪੰਜਾਬ ਪੁਲੀਸ ਅਧਿਕਾਰੀਆਂ ਨੇ ਭਾਵੇਂ ਚੁੱਪ ਵੱਟੀ ਹੋਈ ਹੈ ਪਰ ਵਿਜੀਲੈਂਸ ਦੇ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਪੁਲੀਸ ਮੁਲਾਜ਼ਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ’ਤੇ ਕਾਬੂ ਕੀਤਾ ਗਿਆ ਹੈ। ਇਹ ਸਾਰੇ ਮੁਲਜ਼ਮ ਅੰਮ੍ਰਿਤਸਰ ਦਿਹਾਤੀ ਪੁਲੀਸ ਅਧੀਨ ਪੈਂਦੇ ਥਾਣਾ ਚਾਟੀਵਿੰਡ ਨਾਲ ਸਬੰਧਤ ਹਨ। ਸੂਤਰਾਂ ਅਨੁਸਾਰ ਜਿਸ ਪੀੜਤ ਨੇ ਪੁਲੀਸ ਮੁਲਾਜ਼ਮਾਂ ’ਤੇ ਤੰਗ ਪ੍ਰੇਸ਼ਾਨ ਕਰਨ ਅਤੇ ਪੈਸੇ ਮੰਗਣ ਦੇ ਦੋਸ਼ ਲਾਏ ਹਨ, ਉਸ ਨੇ ਹਾਈ ਕੋਰਟ ਵਿਚ ਮੁਲਜ਼ਮਾਂ ਵੱਲੋਂ ਉਸ ਕੋਲੋਂ ਪੈਸੇ ਲੈਣ ਦੀ ਵੀਡਿਓ ਪੇਸ਼ ਕੀਤੀ ਹੈ। ਹਾਈਕੋਰਟ ਨੇ ਇਸ ’ਤੇ ਐਕਸ਼ਨ ਲੈਂਦਿਆਂ ਵਿਜੀਲੈਂਸ ਨੂੰ ਬਣਦੀ ਕਾਰਵਾਈ ਕਰਨ ਅਤੇ ਇਸ ਦੀ ਰਿਪੋਰਟ ਫਾਈਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਮੁੱਢਲੀ ਜਾਂਚ ਮਗਰੋਂ ਵਿਜੀਲੈਂਸ ਵਿਭਾਗ ਨੇ ਥਾਣਾ ਚਾਟੀਵਿੰਡ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਨਾਮਜ਼ਦ ਕਰਕੇ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਤਿੰਨ ਹੋਰ ਸਾਥੀ ਅਜੇ ਫ਼ਰਾਰ ਹਨ।
ਚੋਰੀ ਮਾਮਲੇ ’ਚ ਥਾਣੇ ਦਾ ਮੁਨਸ਼ੀ ਗ੍ਰਿਫ਼ਤਾਰ
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਸਥਾਨਕ ਥਾਣੇ ਦੇ ਮਾਲਖਾਨੇ ’ਚੋਂ ਵੀਹ ਲੱਖ ਰੁਪਏ ਗਾਇਬ ਹੋਣ ’ਤੇ ਪੁਲੀਸ ਨੇ ਮੁੱਖ ਮੁਨਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਡੀਐੱਸਪੀ ਜੰਡਿਆਲਾ ਗੁਰੂ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਜੰਡਿਆਲਾ ਗੁਰੂ ਥਾਣੇ ਦੇ ਮੁੱਖ ਮੁਨਸ਼ੀ ਕਿਸ਼ਨ ਚੰਦ ਨੇ 28 ਨਵੰਬਰ ਨੂੰ ਐੱਸਆਈ ਚਰਨ ਸਿੰਘ ਨੂੰ ਦੱਸਿਆ ਕਿ ਥਾਣੇ ਦੇ ਮਾਲਖਾਨੇ ਦਾ ਜਿੰਦਰਾ ਢਿੱਲਾ ਪੈ ਗਿਆ ਸੀ। ਇਸ ਨੂੰ ਬਦਲ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਲਖਾਨੇ ਦੇ ਤਾਲੇ ਦੀਆਂ ਚਾਬੀਆਂ ਥਾਣੇ ਦੇ ਮੁੱਖ ਮੁਨਸ਼ੀ ਦੇ ਕੋਲ ਹੀ ਹੁੰਦੀਆਂ ਹਨ। ਇਸ ਮਾਲਖਾਨੇ ਵਿੱਚ 20 ਲੱਖ ਰੁਪਏ ਬਤੌਰ ਮਾਲ ਮੁਕੱਦਮਾ ਤੇ ਹੋਰ ਕੀਮਤੀ ਸਾਮਾਨ ਪਿਆ ਸੀ। ਡੀਐੱਸਪੀ ਨੇ ਦੱਸਿਆ ਕਿ 28 ਨਵੰਬਰ ਨੂੰ ਥਾਣੇ ਦੇ ਸਹਾਇਕ ਮੁਨਸ਼ੀ ਸਿਪਾਹੀ ਹਰਪ੍ਰੀਤ ਸਿੰਘ ਨੇ ਮਾਲਖਾਨੇ ਅੰਦਰ ਪਿਆ ਡੱਬਾ ਚੈੱਕ ਕੀਤਾ ਤਾਂ ਉਸ ਵਿਚੋਂ 20 ਲੱਖ ਰੁਪਏ ਗਾਇਬ ਪਾਏ ਗਏ। ਇਸ ਸਬੰਧੀ ਐੱਸਆਈ ਚਰਨ ਸਿੰਘ, ਕਿਸ਼ਨ ਚੰਦ ਮੁੱਖ ਮੁਨਸ਼ੀ, ਏਐਸਆਈ ਬਲਕਾਰ ਸਿੰਘ, ਸਿਪਾਹੀ ਹਰਪ੍ਰੀਤ ਸਿੰਘ ਤੇ ਸਿਪਾਹੀ ਸੰਦੀਪ ਸਿੰਘ ਨੇ ਮਾਲਖਾਨਾ ਦੁਬਾਰਾ ਚੈੱਕ ਕੀਤਾ ਤਾਂ ਡੱਬੇ ਦੇ ਕੁੰਡੇ ਟੁੱਟੇ ਹੋਏ ਸਨ। ਜਾਂਚ ਉਪਰੰਤ ਜੰਡਿਆਲਾ ਗੁਰੂ ਪੁਲੀਸ ਨੇ ਥਾਣੇ ਦੇ ਮੁੱਖ ਮੁਨਸ਼ੀ ਕਿਸ਼ਨ ਚੰਦ ਖ਼ਿਲਾਫ਼ ਕੇਸ ਦਰਜ ਕਰ ਕੇ ਮੁੱਖ ਮੁਨਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।