ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਪਰੈਲ
ਪਿੰਡ ਨਾਰੀਕੇ ਦੇ ਪਟਵਾਰੀ ਤੇ ਰੈਵੇਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਖ਼ਿਲਾਫ਼ ਸੰਗਰੂਰ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ ਪਟਵਾਰੀਆਂ ਅਤੇ ਕਾਨੂੰਨਗੋਆਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਹੋਈ ਹੈ। ਦਿ ਰੈਵੇਨਿਊ ਪਟਵਾਰ ਯੂਨੀਅਨ ਅਨੁਸਾਰ ਇਸ ਕਾਰਨ ਦੋਵੇਂ ਜ਼ਿਲ੍ਹਿਆਂ ਦੇ 272 ਪਟਵਾਰ ਸਰਕਲਾਂ ਨੂੰ ਜਿੰਦਰੇ ਲੱਗਣ ਕਰ ਕੇ ਮਾਲ ਵਿਭਾਗ ਦਾ ਸਮੁੱਚਾ ਕੰਮ ਠੱਪ ਹੋ ਗਿਆ ਹੈ।
ਯੂਨੀਅਨ ਵੱਲੋਂ ਭਲਕੇ 29 ਅਪਰੈਲ ਨੂੰ ਸੂਬੇ ਭਰ ਦੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋ 2 ਮਈ ਤੱਕ ਪਟਵਾਰੀ ਦੀਦਾਰ ਸਿੰਘ ਖ਼ਿਲਾਫ਼ ਦਰਜ ਕੇਸ ਰੱਦ ਨਾ ਕੀਤਾ ਗਿਆ ਤਾਂ 3 ਮਈ ਨੂੰ ਲੁਧਿਆਣਾ ਵਿਚ ਸੂਬਾਈ ਮੀਟਿੰਗ ਕਰ ਕੇ ਸੂਬੇ ਭਰ ਵਿਚ ਤਹਿਸੀਲਦਾਰ, ਕਾਨੂੰਨਗੋ ਅਤੇ ਪਟਵਾਰੀਆਂ ਵੱਲੋਂ ਸਮੁੱਚਾ ਕੰਮ ਠੱਪ ਕਰ ਦਿੱਤਾ ਜਾਵੇਗਾ। ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਹੜਤਾਲ ਕਾਰਨ ਦੋਵੇਂ ਜ਼ਿਲ੍ਹਿਆਂ ’ਚ 272 ਪਟਵਾਰ ਸਰਕਲਾਂ ਨੂੰ ਜਿੰਦਰੇ ਲੱਗੇ ਹੋਏ ਹਨ। ਇਸ ਕਾਰਨ ਵਿਦਿਆਰਥੀਆਂ ਦੇ ਜਾਤੀ ਸਰਟੀਫਿਕੇਟਾਂ ਦੀਆਂ ਰਿਪੋਰਟਾਂ, ਪੈਨਸ਼ਨਾਂ, ਸ਼ਗਨ ਸਕੀਮਾਂ ਆਦਿ ਸਣੇ ਜ਼ਮੀਨਾਂ ਦੀਆਂ ਨਿਸ਼ਾਨਦੇਹੀਆਂ, ਇੰਤਕਾਲ, ਰਜਿਸਟਰੀਆਂ ਲਈ ਗਿਰਦਾਵਰੀ ਰਿਪੋਰਟਾਂ ਆਦਿ ਦਾ ਕੰਮ ਠੱਪ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਜ਼ਿਲ੍ਹਾ ਮਾਲੇਰਕੋਟਲਾ ਅਤੇ ਜ਼ਿਲ੍ਹਾ ਸੰਗਰੂਰ ਵਿਚ ਕੰਮਕਾਜ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਜੇ 2 ਮਈ ਤੱਕ ਕੇਸ ਰੱਦ ਨਾ ਹੋਇਆ ਤਾਂ ਤਿੰਨ ਮਈ ਤੋਂ ਪੰਜਾਬ ਭਰ ਦੇ ਤਹਿਸੀਲਦਾਰ, ਕਾਨੂੰਨਗੋ ਅਤੇ ਪਟਵਾਰੀ ਸਮੁੱਚਾ ਕੰਮ ਠੱਪ ਕਰ ਦੇਣਗੇ। ਸ੍ਰੀ ਢੀਂਡਸਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਪਰਿਵਾਰ ਦੀ ਸਹਿਮਤੀ ਨਾਲ ਪਟਵਾਰੀ ਦੀਦਾਰ ਸਿੰਘ ਦੀ ਜ਼ਮਾਨਤ ਨਾ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸੰਘਰਸ਼ ਨਾਲ ਕੇਸ ਰੱਦ ਕਰਵਾਇਆ ਜਾਵੇਗਾ।
ਉਧਰ, ਅੱਜ ਵਿਜੀਲੈਂਸ ਵੱਲੋਂ ਪਟਵਾਰੀ ਦੀਦਾਰ ਸਿੰਘ ਨੂੰ ਇੱਕ ਰੋਜ਼ਾ ਪੁਲੀਸ ਰਿਮਾਂਡ ਮਗਰੋਂ ਮੁੜ ਚੀਫ ਜੁਡੀਸ਼ਲ ਮੈਜਿਸਟਰੇਟ ਸੰਗਰੂਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਪਟਵਾਰੀ ਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ।