ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਕਤੂਬਰ
ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਪੰਜ ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ 25 ਅਕਤੂਬਰ ਤੋਂ ਬਠਿੰਡਾ ਸਕੱਤਰੇਤ ਦਾ ਅਣਮਿੱਥੇ ਸਮੇਂ ਲਈ ਮੁਕੰਮਲ ਘਿਰਾਓ ਕੀਤਾ ਜਾਵੇਗਾ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ/ ਬਲਾਕਾਂ ਦੀਆਂ ਤਿਆਰੀ ਮੀਟਿੰਗਾਂ ਕਰਕੇ ਪਿੰਡ-ਪਿੰਡ ਲਾਮਬੰਦੀ ਮੁਹਿੰਮ ਆਰੰਭੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਇਹ ਘਿਰਾਓ ਹੁਣ ‘ਕਰੋ ਜਾਂ ਮਰੋ’ ਪੈਂਤੜੇ ਵਾਲਾ ਫ਼ੈਸਲਾਕੁਨ ਸੰਘਰਸ਼ ਹੋਵੇਗਾ। ਇਸ ਘਿਰਾਓ ਵਿੱਚ ਪਰਿਵਾਰਾਂ ਸਮੇਤ ਹਜ਼ਾਰਾਂ ਕਿਸਾਨ-ਮਜ਼ਦੂਰ ਰਾਸ਼ਨ ਅਤੇ ਬਿਸਤਰਿਆਂ ਨਾਲ ਸ਼ਾਮਲ ਹੋਣਗੇ। ਕੋਕਰੀ ਕਲਾਂ ਨੇ ਕਿਹਾ ਕਿ ਪੁਲੀਸ ਦੀਆਂ ਰੋਕਾਂ ਤੋੜ ਕੇ ਹਰ ਹਾਲ ਬਠਿੰਡਾ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।