ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਨਵੰਬਰ
ਪਟਿਆਲਾ ਪੁਲੀਸ ਨੇ ਗੁਪਤ ਇਤਲਾਹ ’ਤੇ ਕਾਰਵਾਈ ਕਰਦਿਆਂ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਇੱਕ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5.47 ਲੱਖ ਦੇ ਜਾਅਲੀ ਨੋਟ ਬਰਾਮਦ ਕੀਤੇ ਹਨ। ਜਿਸ ਵਿਚੋਂ 2.93 ਲੱਖ ਰੁਪਏ ਜਾਅਲੀ ਕਰੰਸੀ ਵਜੋਂ ਪੂਰੀ ਤਰਾਂ ਛਪੇ ਹੋਏ ਹਨ। ਇਸ ਤੋਂ ਇਲਾਵਾ ਕੰਪਿਊਟਰ, ਪ੍ਰਿੰਟਰ, ਸੀ.ਪੀ.ਯੂ, ਮਾਊਸ, ਕੀ-ਬੋਰਡ, ਯੂ.ਪੀ.ਐੱਸ, ਤਿੰਨ ਪ੍ਰਿੰਟਰ ਤੇ ਲੈਮੀਨੇਟਰ ਵੀ ਬਰਾਮਦ ਕੀਤੇ ਗਏ ਹਨ।
ਐੱਸ.ਐੱਸ.ਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਗਰੋਹ ਦੇ ਮੈਂਬਰਾਂ ਵਿੱਚ ਸਤਨਾਮ ਸਿੰਘ ਰਿੰਕੂ ਵਾਸੀ ਸੀਸ ਮਹਿਲ ਕਲੋਨੀ, ਗੁਰਦੀਪ ਸਿੰਘ ਵਾਸੀ ਸੁਖਰਾਮ ਕਲੋਨੀ, ਤਰਸੇਮ ਲਾਲ ਵਾਸੀ ਗੋਬਿੰਦ ਨਗਰ, ਇਸ਼ਾਕ ਭੂਰਾ ਵਾਸੀ ਸਿੱਧੂਵਾਲ ਪਟਿਆਲਾ ਸਮੇਤ ਯਸ਼ਪਾਲ ਵਾਸੀ ਸਮਾਣਾ, ਅਮਿਤ ਕੁਮਾਰ ਅਮਨ ਵਾਸੀ ਸਮਾਣਾ ਅਤੇ ਗੁਰਜੀਤ ਸਿੰਘ ਜੀਤੀ ਵਾਸੀ ਘਰਾਚੋਂ ਦੇ ਨਾਂ ਸ਼ਾਮਲ ਹਨ। ਜਿਨ੍ਹਾਂ ਵਿਰੁੱਧ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ। ਜੇਲ੍ਹ ’ਚ ਬਣੇ ਇਸ ਗਰੋਹ ਨੂੰ ਪਟਿਆਲਾ ਪੁਲੀਸ ਦੇ ਮੁਲਾਜ਼ਮਾਂ ਨੇ ਡੰਮੀ ਗਾਹਕ ਬਣ ਕੇ ਦਬੋਚਿਆ ਜਿਸ ਦੌਰਾਨ ਉਹ ਅਸਲੀ ਕਰੰਸੀ ਲੈ ਕੇ ਦੁੱਗਣੀ ਨਕਲੀ ਕਰੰਸੀ ਦਿੰਦੇ ਸਨ। ਛਾਪੇ ਦੌਰਾਨ ਮੁਲਜ਼ਮਾਂ ਦਾ ਇੱਕ ਸਾਥੀ ਤਰਸੇਮ ਲਾਲ ਫਰਾਰ ਹੋ ਗਿਆ। ਪੁਲੀਸ ਮੁਖੀ ਨੇ ਦੱਸਿਆ ਕਿ ਤਰਸੇਮ ਲਾਲ, ਗੁਰਦੀਪ ਸਿੰਘ ਤੇ ਸਤਨਾਮ ਸਿੰਘ ਜਦੋਂ 2019 ’ਚ ਕੇਂਦਰੀ ਜੇਲ ਪਟਿਆਲਾ ’ਚ ਬੰਦ ਸਨ, ਜਿੱਥੇ ਇਨ੍ਹਾਂ ਦੀ ਸਾਂਝ ਪਈ। ਉਹ 6 ਮਹੀਨੇ ਪਹਿਲਾਂ ਜ਼ਮਾਨਤ ’ਤੇ ਰਿਹਾਅ ਹੋਏ ਤੇ ਤਾਲਾਬੰਦੀ ਖਤਮ ਹੋਣ ਮਗਰੋਂ ਦੋ ਮਹੀਨੇ ਪਹਿਲਾਂ ਕਿਰਾਏ ਦੇ ਮਕਾਨ ’ਚ ਜਾਅਲੀ ਕਰੰਸੀ ਦਾ ਧੰਦਾ ਸ਼ੁਰੂ ਕਰ ਦਿੱਤਾ।