ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 29 ਸਤੰਬਰ
ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਚੰਡੀਗੜ੍ਹ ਦੇ ਸੈਕਟਰ-20 ਸਥਿਤ ਵਿਵਾਦਿਤ ਕੋਠੀ ਦੇ ਕਿਰਾਏ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਤਲਬ ਕਰ ਲਈ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੈਣੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਜੁਟਾਉਣ ਦਾ ਅਪਰਾਧਿਕ ਕੇਸ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕਲੋਨੀ ਬਣਾਉਣ ਲਈ ਖਰੀਦੀ ਗਈ ਜ਼ਮੀਨ ਦੀ ਸਰਕਾਰੀ ਫੀਸ ਜਮ੍ਹਾਂ ਕਰਵਾਉਣ ਵਿੱਚ ਕੀਤੀ ਗਈ ਕਥਿਤ ਘਪਲੇਬਾਜ਼ੀ ਮਗਰੋਂ ਉਸ ਦੀ ਚੰਡੀਗੜ੍ਹ ਦੇ ਸੈਕਟਰ-20 ਸਥਿਤ ਆਲੀਸ਼ਾਨ ਕੋਠੀ ਨੂੰ ਅਟੈਚ ਕਰਨ ਦੀ ਮੰਗ ਕੀਤੀ ਗਈ ਸੀ। ਮੌਜੂਦਾ ਸਮੇਂ ਸਾਬਕਾ ਡੀਜੀਪੀ ਆਪਣੇ ਪਰਿਵਾਰ ਨਾਲ ਇਸੇ ਕੋਠੀ ਵਿੱਚ ਰਹਿ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਅਦਾਲਤ ਨੇ ਇਸ ਕੋਠੀ ਦੀ ਕੁਰਕੀ ਦੇ ਹੁਕਮ ਜਾਰੀ ਕੀਤੇ ਸੀ। ਅੱਜ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੀਐੱਸ ਗਰੇਵਾਲ ਦੀ ਅਦਾਲਤ ਵੱਲੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਸੰਮਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਇਹ ਪਤਾ ਕੀਤਾ ਜਾਵੇ ਕਿ ਸੈਣੀ ਦੀ ਇਸ ਕੋਠੀ ਦੇ ਕਿਰਾਏ ਦੀ ਰਾਸ਼ੀ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾ ਰਹੀ ਹੈ ਜਾਂ ਨਹੀਂ। ਇਸ ਸਬੰਧੀ ਅਦਾਲਤ ਨੂੰ 22 ਅਕਤੂਬਰ ਤੱਕ ਰਿਪੋਰਟ ਪੇਸ਼ ਕੀਤੀ ਜਾਵੇ।
ਉਂਝ ਇਸ ਮਾਮਲੇ ਵਿੱਚ ਹੁਣ ਤੱਕ ਸੈਣੀ ਧਿਰ ਨਹੀਂ ਬਣਿਆ ਅਤੇ ਨਾ ਹੀ ਸੁਣਵਾਈ ਮੌਕੇ ਅੱਜ ਦੂਜੀ ਧਿਰ ਪੇਸ਼ ਹੋਈ, ਸਿਰਫ਼ ਉਨ੍ਹਾਂ ਦੇ ਵਕੀਲਾਂ ਨੇ ਪੇਸ਼ ਹੋ ਕੇ ਕੁਝ ਦਿਨਾਂ ਦੀ ਮੋਹਲਤ ਮੰਗੀ।