ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਸਤੰਬਰ
ਇਥੋਂ ਨੇੜਲੇ ਪਿੰਡ ਮਹਿਰੋਂ ਵਿਖੇ ਸਿੱਖ ਰੈਜੀਮੈਂਟ ਸੈਂਟਰ ਰਾਮਗੜ੍ਹ ਛਾਉਣੀ (ਝਾਰਖੰਡ) ਵਿਖੇ ਮੰਗਲਵਾਰ ਨੂੰ ਝੀਲ ’ਚ ਡੁੱਬਣ ਨਾਲ ਸ਼ਹੀਦ ਫ਼ੌਜੀ ਜਵਾਨ ਪਰਮਿੰਦਰ ਸਿੰਘ (22) ਦਾ ਗਮਗੀਨ ਮਾਹੌਲ ’ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਸ਼ਹੀਦ ਜਵਾਨ ਨੂੰ ਫ਼ੌਜ ਦੀ ਟੁਕੜੀ ਵੱਲੋਂ ਮਾਤਮੀ ਧੁੰਨ ਵਜਾ ਸਲਾਮੀ ਦਿੱਤੀ ਗਈ। ਮਾਪਿਆਂ ਦੇ ਇਕਲੌਤੇ ਪੁੱਤਰ ਫ਼ੌਜੀ ਜਵਾਨ ਦੀ ਮੌਤ ਨਾਲ ਸਾਰਾ ਪਿੰਡ ਉਦਾਸ ਹੈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਇਲਾਕੇ ਦੇ ਲੋਕ ਪੁੱਜੇ ਹੋਏ ਸਨ ਪਰ ਸਿਵਲ ਜਾਂ ਪੁਲੀਸ ਦਾ ਕੋਈ ਅਧਿਕਾਰੀ ਇਥੋਂ ਤੱਕ ਕਿ ਪਿੰਡ ’ਚ ਤਾਇਨਾਤ ਪਟਵਾਰੀ ਵੀ ਨਹੀਂ ਸੀ। ਇਥੇ ਪਿੰਡ ਮਹਿਰੋਂ ਵਿਖੇ ਵਿਲਕਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਜ਼ਿਗਰ ਦੇ ਟੋਟੇ ਦਾ ਆਖਰੀ ਵਾਰ 31 ਅਗਸਤ ਨੂੰ ਫੋਨ ਆਇਆ ਸੀ। ਸ਼ਹੀਦ ਫ਼ੌਜੀ ਜਵਾਨ ਪਰਮਿੰਦਰ ਸਿੰਘ ਦਾ ਪਿਤਾ ਗੁਰਸੇਵਕ ਸਿੰਘ ਛੋਟਾ ਕਿਸਾਨ ਹੈ। ਇਸ ਮੌਕੇ ਸਾਬਕਾ ਸਰਪੰਚ ਸਵਰਨਜੀਤ ਸਿੰਘ ਨੇ ਸਿਵਲ ਜਾਂ ਪੁਲੀਸ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਾ ਆਉਣ ਉੱਤੇ ਇਸ ਨੂੰ ਮੰਦਭਾਗਾ ਆਖਿਆ।