ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੂਨ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਆਈਏਐੱਸ ਅਧਿਕਾਰੀ ਸੰਜੈ ਪੋਪਲੀ ਦੇ 27 ਸਾਲਾ ਪੁੱਤਰ ਕਾਰਤਿਕ ਪੋਪਲੀ ਦਾ ਅੱਜ ਇੱਥੋਂ ਦੇ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਕਾਰਤਿਕ ਦੀ ਚਿਖਾ ਨੂੰ ਅਗਨੀ ਪਿਤਾ ਸੰਜੈ ਪੋਪਲੀ ਨੇ ਦਿਖਾਈ। ਇਸ ਮੌਕੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਸਣੇ ਪੁਲੀਸ ਤੇ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਕਾਰਤਿਕ ਪੋਪਲੀ ਦਾ ਪੀਜੀਆਈ ਵਿੱਚ ਏਡੀਸੀ ਦੀ ਅਗਵਾਈ ਹੇਠ ਡਾਕਟਰਾਂ ਦੇ ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ। ਪੁੱਤਰ ਦੇ ਸਸਕਾਰ ਮਗਰੋਂ ਸੰਜੈ ਪੋਪਲੀ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਪਰ ਨਿਆਂਪਾਲਿਕਾ ’ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਤੇ ਉਮੀਦ ਹੈ ਕਿ ਇਨਸਾਫ ਮਿਲੇਗਾ। ਜ਼ਿਕਰਯੋਗ ਹੈ ਕਿ ਕਾਰਤਿਕ ਪੋਪਲੀ ਦਾ ਪੋਸਟਮਾਰਟਮ ਲੰਘੇ ਦਿਨ ਹੋਣਾ ਸੀ ਪਰ ਕੁਝ ਕਾਰਨਾਂ ਕਰ ਕੇ ਨਹੀਂ ਹੋ ਸਕਿਆ। ਸੰਜੈ ਪੋਪਲੀ ਦੇ ਵਕੀਲ ਮਤਵਿੰਦਰ ਸਿੰਘ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰ ਕੇ ਪੋਪਲੀ ਨੂੰ ਪੁੱਤਰ ਦੇ ਸਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਸੀ। ਅਦਾਲਤ ਦੀ ਪ੍ਰਵਾਨਗੀ ਮਗਰੋਂ ਸੰਜੈ ਪੋਪਲੀ ਨੂੰ ਪੁੱਤਰ ਦੇ ਸਸਕਾਰ ਲਈ ਸ਼ਮਸ਼ਾਨਘਾਟ ਵਿੱਚ ਲਿਆਂਦਾ ਗਿਆ। ਸੰਜੈ ਪੋਪਲੀ ਦੇ ਪੁੱਤਰ ਕਾਰਤਿਕ ਨੇ ਬੀਤੇ ਦਿਨੀਂ ਸੈਕਟਰ 11 ਸਥਿਤ ਪਿਤਾ ਦੀ ਸਰਕਾਰੀ ਰਿਹਾਇਸ਼ ਵਿਖੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ, ਜਦੋਂ ਕਿ ਪੀੜਤ ਪਰਿਵਾਰ ਵੱਲੋਂ ਵਿਜੀਲੈਂਸ ਟੀਮ ’ਤੇ ਗੋਲੀ ਚਲਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਚੰਡੀਗੜ੍ਹ ਪੁਲੀਸ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਮੌਤ ਦਾ ਕਾਰਨ ਪਤਾ ਲੱਗ ਸਕੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਲੀ ਕਾਰਤਿਕ ਪੋਪਲੀ ਦੇ ਸਿਰ ਦੇ ਆਰ-ਪਾਰ ਹੋਈ ਹੈ।