ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਅਕਤੂਬਰ
ਮੁੱਖ ਮੰਤਰੀ ਦੀ ਕੋਠੀ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ 21 ਦਿਨ ਚੱਲੇ ਪੱਕੇ ਮੋਰਚੇ ਦੌਰਾਨ ਜਾਨ ਗੁਆਉਣ ਵਾਲੇ ਕਿਸਾਨ ਕਰਨੈਲ ਸਿੰਘ ਦਾ ਅੱਜ ਨੇੜਲੇ ਪਿੰਡ ਅਕੋਈ ਸਾਹਿਬ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਯੂਨੀਅਨ ਵਲੋਂ ਕਿਸਾਨ ਸੰਘਰਸ਼ ਦੇ ਸ਼ਹੀਦ ਕਰਾਰ ਦਿੱਤੇ ਗਏ ਕਿਸਾਨ ਕਰਨੈਲ ਸਿੰਘ ਦੀ ਜਥੇਬੰਦੀ ਦੇ ਝੰਡੇ ਵਿੱਚ ਲਿਪਟੀ ਦੇਹ ਨੂੰ ਘਰ ਤੋਂ ਸ਼ਮਸ਼ਾਨਘਾਟ ਤੱਕ ਲਿਆਂਦਾ ਗਿਆ। ਇਸ ਮੌਕੇ ਸ਼ਹੀਦ ਕਰਨੈਲ ਸਿੰਘ ਅਮਰ ਰਹੇ ਦੇ ਨਾਅਰੇ ਲੱਗੇ। ਇਸ ਦੌਰਾਨ ਯੂਨੀਅਨ ਦੀ ਬਲਾਕ ਭਵਾਨੀਗੜ੍ਹ ਦੀ ਇਕਾਈ ਦੇ ਅਹੁਦੇਦਾਰਾਂ ਅਤੇ ਪਿੰਡ ਦੇ ਲੋਕਾਂ ਨੇ ਕਰਨੈਲ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀ ਕੋਠੀ ਅੱਗੇ ਮੰਨੀਆਂ ਕਿਸਾਨੀ ਮੰਗਾਂ ਲਾਗੂ ਕਰਾਉਣ ਲਈ ਚੱਲ ਰਹੇ ਪੱਕੇ ਮੋਰਚੇ ਦੌਰਾਨ ਲੰਘੀ 21 ਅਕਤੂਬਰ ਨੂੰ ਕਰਨੈਲ ਸਿੰਘ ਅਕੋਈ ਸਾਹਿਬ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਦੋਂ ਤੱਕ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਪਰਿਵਾਰਕ ਦੇ ਇਕ ਜੀਅ ਨੂੰ ਨੌਕਰੀ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸੇ ਕਾਰਨ 21 ਅਕਤੂਬਰ ਤੋਂ ਕਰਨੈਲ ਸਿੰਘ ਦੀ ਮ੍ਰਿਤਕ ਦੇਹ ਸਥਾਨਕ ਸਿਵਲ ਹਸਪਤਾਲ ’ਚ ਪਈ ਸੀ ਪਰ 29 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਸਮਾਂਬੱਧ ਲਾਗੂ ਕਰਨ ਬਾਰੇ ਲਿਖਤੀ ਸਹਿਮਤੀ ਦਿੱਤੇ ਜਾਣ ਤੋਂ ਬਾਅਦ ਪੱਕਾ ਮੋਰਚਾ ਸਮਾਪਤ ਹੋ ਗਿਆ ਸੀ।