ਜੋਗਿੰਦਰ ਸਿੰਘ ਮਾਨ/ਕਰਨ ਭੀਖੀ
ਮਾਨਸਾ/ਭੀਖੀ, 29 ਅਕਤੂਬਰ
ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲੀਆਂ ਅਤੇ ਦਿੱਲੀ ਦੇ ਟਿਕਰੀ ਬਾਰਡਰ ’ਤੇ ਟਿੱਪਰ ਦੀ ਟੱਕਰ ਕਾਰਨ ਸ਼ਹੀਦ ਹੋਈਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂਵਾਲਾ ਦੀਆਂ ਤਿੰਨ ਬੀਬੀਆਂ ਅਮਰਜੀਤ ਕੌਰ, ਸੁਖਵਿੰਦਰ ਕੌਰ ਅਤੇ ਗੁਰਮੇਲ ਕੌਰ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਦੇਰ ਸ਼ਾਮ ਕੀਤਾ ਗਿਆ। ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਸ਼ਾਸਨ ਨੇ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਵਿੱਚ ਕਰਵਾ ਕੇ ਲਾਸ਼ਾਂ ਕਿਸਾਨ ਜਥੇਬੰਦੀ ਅਤੇ ਰਿਸ਼ਤੇਦਾਰਾਂ ਨੂੰ ਸੌਂਪੀਆਂ।
ਅੰਤਿਮ ਸੰਸਕਾਰ ਤੋਂ ਪਹਿਲਾਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿੰਡ ਸਮਾਓਂ ਤੋਂ ਵੱਡੇ ਕਾਫ਼ਲੇ ਦੇ ਰੂਪ ਵਿੱਚ ਮ੍ਰਿਤਕ ਦੇਹਾਂ ਲਿਆਂਦੀਆਂ ਗਈਆਂ। ਸ਼ਹੀਦ ਬੀਬੀਆਂ ਦੇ ਸਨਮਾਨ ਵਿੱਚ ਉਨ੍ਹਾਂ ’ਤੇ ਝੰਡੇ ਪਾਏ ਗਏ ਤੇ ਸਲਾਮੀ ਦਿੱਤੀ ਗਈ। ਪਿੰਡ ਵਿੱਚ ਅਤਿ ਗਮਗੀਨ ਮਾਹੌਲ ਦੌਰਾਨ ਸ਼ਹੀਦਾਂ ਨੂੰ ਸਮਰਪਿਤ ਨਾਅਰੇ ‘ਸ਼ਹੀਦੋ ਤੁਹਾਡੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’, ‘ਸ਼ਹੀਦੋ ਤੁਹਾਡੇ ਕਾਜ ਅਧੂਰੇ, ਲਾਕੇ ਜਿੰਦੜੀਆਂ ਕਰਾਂਗੇ ਪੂਰੇ’ ਆਦਿ ਨਾਅਰਿਆਂ ਦੀ ਗੂੰਜ ਵਿੱਚ ਕਾਫ਼ਲੇ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਤੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਔਰਤਾਂ ਸਣੇ 700 ਤੋਂ ਵੱਧ ਕਿਸਾਨਾਂ ਦੇ ਕਤਲਾਂ ਦੀ ਜ਼ਿੰਮੇਵਾਰ ਹੈ, ਜੋ ਦੇਸ਼ ਭਰ ਦੇ ਕਿਰਤੀ ਲੋਕਾਂ ਦੇ ਵਿਰੋਧ ਦੇ ਬਾਵਜੂਦ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਖੇਤੀ ਵਿਰੋਧੀ ਤਿੰਨ ਕਾਨੂੰਨ ਰੱਦ ਨਾ ਕਰਨ ’ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 11 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਮੋਰਚਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਪਿੰਡ ਖੀਵਾ ਦਿਆਲੂ ਵਾਲਾ ਦੀਆਂ 7 ਔਰਤਾਂ ਟਿਕਰੀ ਬਾਰਡਰ ਤੋਂ 28 ਅਕਤੂਬਰ ਨੂੰ ਸਵੇਰੇ 6 ਵਜੇ ਪਿੰਡ ਵਾਪਸ ਆਉਣ ਲਈ ਫੁੱਟਪਾਥ ’ਤੇ ਬੈਠ ਕੇ ਰੇਲਵੇ ਸਟੇਸ਼ਨ ’ਤੇ ਜਾਣ ਲਈ ਆਟੋ-ਰਿਕਸ਼ਾ ਦੀ ਉਡੀਕ ਕਰ ਰਹੀਆਂ ਸਨ, ਜਿੱਥੇ ਉਨ੍ਹਾਂ ’ਤੇ ਟਿੱਪਰ ਚੜ੍ਹ ਗਿਆ। ਇਸ ਘਟਨਾ ਵਿੱਚ ਦੋ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇੱਕ ਔਰਤ ਰੋਹਤਕ ਦੇ ਹਸਪਤਾਲ ਵਿੱਚ ਦਮ ਤੋੜ ਗਈ, ਜਦਕਿ 2 ਔਰਤਾਂ ਹਾਲੇ ਵੀ ਗੰਭੀਰ ਜ਼ਖ਼ਮੀ ਹਨ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਤੇ ਗੁਰਨਾਮ ਸਿੰਘ ਚੜੂਨੀ, ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ, ਭੋਲਾ ਸਿੰਘ ਸਮਾਓਂ, ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ‘ਆਪ’ ਆਗੂ ਵਿਧਾਇਕ ਬੁੱਧ ਰਾਮ ਬੁਢਲਾਡਾ, ਅਕਾਲੀ ਆਗੂ ਪ੍ਰੇਮ ਅਰੋੜਾ, ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਇਕਬਾਲ ਸਿੰਘ ਫਫੜੇ, ਕਾਂਗਰਸੀ ਆਗੂ ਮਾਇਕਲ ਗਾਗੋਵਾਲ ਤੋਂ ਇਲਾਵਾ ਇਲਾਕੇ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਵੇਂ ਤਿੰਨ ਬੀਬੀਆਂ ਦੀ ਮੌਤ ’ਤੇ ਪੀੜਤ ਪਰਿਵਾਰਾਂ ਨੂੰ ਰਾਜ ਸਰਕਾਰ ਵੱਲੋਂ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ, ਪਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਅੱਜ ਅੰਤਿਮ ਸੰਸਕਾਰ ਤੋਂ ਬਾਅਦ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਬੀਬੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਸਮੇਤ ਸਮੁੱਚੇ ਕਰਜ਼ੇ ਨੂੰ ਮੁਆਫ਼ ਕੀਤਾ ਜਾਵੇ।