ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਫਰਵਰੀ
ਜੰਗਲਾਤ ਵਿਭਾਗ ਅਤੇ ਡਬਲਿਊਡਬਲਿਊਐੱਫ ਦੀ ਸਾਂਝੀ ਯੋਜਨਾ ਤਹਿਤ ਬਿਆਸ ਦਰਿਆ ਵਿਚ 23 ਘੜਿਆਲ ਬੱਚੇ ਛੱਡੇ ਗਏ। ਇਸ ਤੋਂ ਪਹਿਲਾਂ ਵੀ 2017-18 ਵਿਚ 47 ਘੜਿਆਲ ਬੱਚੇ ਛੱਡੇ ਜਾ ਚੁੱਕੇ ਹਨ। ਖਤਰੇ ਵਿਚ ਆ ਚੁੱਕੀ ਘੜਿਆਲਾਂ ਦੀ ਇਸ ਪ੍ਰਜਾਤੀ ਨੂੰ ਬਚਾਉਣ ਲਈ ਅਤੇ ਇਨ੍ਹਾਂ ਦੀ ਗਿਣਤੀ ਵਧਾਉਣ ਲਈ ਇਨ੍ਹਾਂ ਨੂੰ ਪੰਜਾਬ ਦੇ ਇਸ ਦਰਿਆ ਵਿਚ ਸੁਰੱਖਿਅਤ ਸੰਭਾਲਿਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਮੋਰੈਨਾ ਖੇਤਰ ਵਿਚੋਂ ਲਿਆਂਦੇ ਗਏ 23 ਘੜਿਆਲ ਬੱਚੇ ਹੁਸ਼ਿਆਰਪੁਰ ਜੰਗਲਾਤ ਮੰਡਲ ਹੇਠ ਆਉਂਦੇ ਸਲੀਮਪੁਰ ਅਤੇ ਟਾਹਲੀ ਜੰਗਲਾਤ ਦੇ ਨੇੜੇ ਬਿਆਸ ਦਰਿਆ ਵਿਚ ਛੱਡੇ ਗਏ ਹਨ। ਡਬਲਿਊਡਬਲਿਊਐੱਫ ਦੀ ਕੋਆਰਡੀਨੇਟਰ ਗੀਤਾਂਜਲੀ ਕੰਵਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਹੁਸ਼ਿਆਰਪੁਰ ਅਤੇ ਡਬਲਿਊਡਬਲਿਊਐੱਫ ਦੀ ਸਾਂਝੀ ਟੀਮ ਮਹੀਨੇ ਤਕ ਇਨ੍ਹਾਂ ਬੱਚਿਆਂ ਦੀ ਨਿਗਰਾਨੀ ਰੱਖੇਗੀ। ਇਹ ਸਾਰੇ ਬੱਚੇ 3 ਤੋਂ 4 ਸਾਲ ਦੀ ਉਮਰ ਦੇ ਹਨ। ਇਹ ਇਲਾਕਾ ਇਨ੍ਹਾਂ ਦੀ ਸਾਂਭ ਸੰਭਾਲ ਅਤੇ ਨਿਗਰਾਨੀ ਲਈ ਸੁਰੱਖਿਅਤ ਹੈ। ਕਰੀਬ 4 ਸਾਲ ਪਹਿਲਾਂ ਬਿਆਸ ਦਰਿਆ ਵਿਚ ਛੱਡੇ ਗਏ 47 ਘੜਿਆਲ ਬੱਚਿਆਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ। ਡਬਲਿਊਡਬਲਿਊਐੱਫ ਦੇ ਅਧਿਕਾਰੀਆਂ ਮੁਤਾਬਕ ਘੜਿਆਲ ਇਸ ਵੇਲੇ ਖਤਰੇ ਦੀ ਸੂਚੀ ਵਿਚ ਹਨ ਅਤੇ ਇਨ੍ਹਾਂ ਦੀ ਗਿਣਤੀ ਵਧਾਉਣ ਲਈ ਭਾਰਤ ਸਰਕਾਰ ਵਲੋਂ ਯਤਨ ਕੀਤੇ ਜਾ ਰਹੇ ਹਨ।