ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 16 ਮਈ
ਜ਼ਿਲ੍ਹਾ ਜੇਲ੍ਹ ਬਰਨਾਲਾ ’ਚ 25 ਕੈਦੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਸੁਰੱਖਿਆ ਕਾਰਨਾਂ ਕਰਕੇ ਕਰੋਨਾ ਕੈਦੀਆਂ ਦਾ ਇਲਾਜ ਜੇਲ੍ਹ ਅੰਦਰ ਹੀ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਜ਼ਿਲ੍ਹੇ ਵਿੱਚ ਅੱਜ ਦੋ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਅਤੇ 148 ਮਰੀਜ਼ਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਗਰਗ ਨੇ ਦੱਸਿਆ ਕਿ ਬਰਨਾਲਾ ਵਿੱਚ ਹੁਣ ਤੱਕ ਕਰੋਨਾ ਪਾਜ਼ੇਟਿਵ ਮਰੀਜ਼ 310, ਬਲਾਕ ਤਪਾ ਵਿੱਚ 163, ਬਲਾਕ ਧਨੌਲਾ ’ਚ 115 ਅਤੇ ਬਲਾਕ ਮਹਿਲ ਕਲਾਂ ਵਿੱਚ 48 ਮਰੀਜ਼ ਹਨ। ਇਨ੍ਹਾਂ ਮਰੀਜ਼ਾਂ ’ਚ ਬਹੁਤੇ ਮਰੀਜ਼ਾਂ ਨੂੰ ਘਰ ’ਚ ਇਕਾਂਤਵਾਸ ਕੀਤਾ ਗਿਆ ਹੈ। ਸਿਵਲ ਪ੍ਰਸ਼ਾਸਨ ਨੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਸਬੰਧਤ ਇਲਾਕਿਆਂ ਨੂੰ ਲੋਹੇ ਦੀਆਂ ਪਾਈਪਾਂ ਲਾ ਕੇ ਜਾਮ ਕਰਨ ਸਮੇਤ ਪਿੰਡਾਂ ’ਚ ਮੁੜ ਠੀਕਰੀ ਪਹਿਰਾ ਸ਼ੁਰੂ ਕਰ ਦਿੱਤਾ ਹੈ।