ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 24 ਅਕਤੂਬਰ
ਸਰਹੱਦੀ ਖੇਤਰ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਭਾਰੀ ਮੀਂਹ ਅਤੇ ਗੜੇਮਾਰੀ ਨਾਲ ਜਿੱਥੇ ਖੇਤਾਂ ਵਿੱਚ ਖੜ੍ਹੀਆਂ ਫਸ਼ਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਉਥੇ ਮੰਡੀਆਂ ਵਿੱਚ ਆਇਆਂ ਝੋਨੇ ਦਾ ਵੀ ਨੁਕਸਾਨ ਹੋਇਆ ਹੈ। ਮੰਡੀਆਂ ਵਿੱਚ ਆੜ੍ਹਤੀਆਂ ਕੋਲ ਲੋੜੀਂਦੇ ਸਾਜ਼ੋ ਸਾਮਾਨ ਦੀ ਘਾਟ ਕਾਰਨ ਕਈ ਕੱਚੀਆਂ ਮੰਡੀਆਂ ਵਿੱਚ ਚੋਖਾ ਨੁਕਸਾਨ ਹੋਇਆ ਹੈ।
ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜ਼ਿਲ੍ਹੇ ਵਿੱਚ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਉੱਪ ਮੰਡਲ ਮੈਜਿਸਟਰੇਟਾਂ ਨੂੰ ਪੱਤਰ ਜਾਰੀ ਕਰਦਿਆਂ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਆਪਣੀ ਰਿਪੋਰਟ ਇੱਕ ਹਫਤੇ ਦੇ ਅੰਦਰ-ਅੰਦਰ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਣ ਦੀ ਹਦਾਇਤ ਕੀਤੀ ਹੈ। ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਧਾਰੋਵਾਾਲੀ, ਉਦੋਵਾਲੀ, ਸ਼ਾਹਪੁਰ ਜਾਜਨ, ਸਮੇਤ ਨੇੜਲੇ ਦਰਜਨਾਂ ਪਿੰਡਾਂ ਵਿੱਚ ਮੀਂਹ ਨਾਲ ਭਾਰੀ ਗੜੇਮਾਰੀ ਹੋਈ, ਜਿਸ ਨਾਲ ਝੋਨੇ, ਪਰਮਲ ਅਤੇ ਬਾਸਮਤੀ ਨੂੰ ਖੇਤਾਂ ਵਿੱਚ ਭਾਰੀ ਨੁਕਸਾਨ ਪਹੁੰਚਿਆਂ। ਇਸੇ ਤਰ੍ਹਾਂ ਮੀਂਹ ਨਾਲ ਦਾਣਾ ਮੰਡੀ ਡੇਰਾ ਬਾਬਾ ਨਾਨਕ, ਕਲਾਨੌਰ ਸਮੇਤ ਕੱਚੀਆਂ ਮੰਡੀਆਂ ਵਿੱਚ ਆੜ੍ਹਤੀਆਂ ਕੋਲ ਸਾਜ਼ੋ ਸਾਮਾਨ ਦੀ ਘਾਟ ਕਾਰਨ ਮੀਂਹ ’ਚ ਝੋਨਾ ਬਾਹਰ ਹੀ ਭਿੱਜਦਾ ਰਿਹਾ। ਇਸੇ ਤਰ੍ਹਾਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕਸਬਾ ਊਧਨਵਾਲ, ਘੁਮਾਣ, ਹਰਚੋਵਾਲ, ਵਡਾਲਾ ਗ੍ਰੰਥੀਆਂ, ਅਲੀਵਾਲ, ਘਣੀਆਂ ਕੇ ਬਾਂਗਰ ਦੀਆਂ ਕੱਚੀਆਂ ਮੰਡੀਆਂ ’ਚ ਮੀਂਹ ਨਾਲ ਝੋਨਾ ਭਿੱਜ ਗਿਆ ਹੈ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇਲਾਕੇ ਵਿਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਖੇਤਾਂ ਵਿਚ ਖੜ੍ਹੀ ਝੋਨੇ ਦੀ ਫਸਲ ਧਰਤੀ ’ਤੇ ਵਿਛਾ ਦਿੱਤੀ ਹੈ ਅਤੇ ਇਸ ਬੇਮੌਸਮੀ ਬਰਸਾਤ ਕਰਨ ਝੋਨੇ ਦੀ ਕਟਾਈ ਦਾ ਕੰਮ ਵੀ ਰੁਕ ਗਿਆ ਹੈ। ਮੰਡੀ ਵਿਚ ਖੁੱਲ੍ਹੇ ਅਸਮਾਨ ਹੇਠਾਂ ਪਿਆ ਝੋਨਾ ਵੀ ਭਿੱਜ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਕਾਦੀਆ) ਬਲਾਕ ਸ਼ਾਹਕੋਟ ਦੇ ਵਿੱਤ ਸਕੱਤਰ ਮੇਰ ਸਿੰਘ ਬਾਜਵਾ ਨੇ ਮੰਗ ਕੀਤੀ ਕਿ ਨੁਕਸਾਨੀਆਂ ਫਸਲਾਂ ਦਾ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਪੇਂਡੂ ਖੇਤਰਾਂ ਅੰਦਰ ਬਿਜਲੀ ਸਪਲਾਈ ਹੋਈ ਪ੍ਰਭਾਵਿਤ
ਪਠਾਨਕੋਟ (ਐੱਨ.ਪੀ. ਧਵਨ): ਭੋਆ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਪਿੰਡ ਬੇਗੋਵਾਲ ਤਾਰਾਗੜ੍ਹ ਵਿੱਚ ਦੇਰ ਰਾਤ ਤੇਜ਼ ਹਨੇਰੀ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਰੇਤਾ, ਬੱਜਰੀ ਨਾਲ ਭਰਿਆ ਇੱਕ ਟਰੱਕ ਬਿਜਲੀ ਦੇ ਖੰਭੇ ’ਚ ਵੱਜਣ ਕਾਰਨ 3 ਖੰਭੇ ਟੁੱਟ ਗਏ, ਜਿਸ ਕਾਰਨ ਪੂਰੀ ਰਾਤ ਭਰ ਅਤੇ ਦਿਨ ਭਰ ਬਿਜਲੀ ਬੰਦ ਰਹੀ। ਬਿਜਲੀ ਨਾ ਆਉਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਿੰਡ ਦੀ ਸਰਪੰਚ ਸੁਨੀਤਾ ਸ਼ਰਮਾ, ਸਮਾਜਸੇਵੀ ਹਰਸ਼ ਸ਼ਰਮਾ ਅਤੇ ਹੋਰ ਪੰਚਾਇਤ ਮੈਂਬਰ ਇਕੱਠੇ ਹੋ ਕੇ ਵਿਧਾਇਕ ਜੋਗਿੰਦਰ ਪਾਲ ਕੋਲ ਗਏ। ਜਿਸ ਤੇ ਉਨ੍ਹਾਂ ਪਾਵਰਕੌਮ ਦੇ ਸਬੰਧਿਤ ਐਕਸੀਅਨ ਕੁਲਦੀਪ ਸਿੰਘ ਨੂੰ ਫੋਨ ਕਰਕੇ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਇਲਾਵਾ ਚੱਲੀ ਤੇਜ਼ ਹਨੇਰੀ ਨਾਲ ਕਿਸਾਨਾਂ ਦੀ ਖੜ੍ਹੀ ਪੱਕੀ ਝੋਨੇ ਦੀ ਫਸਲ ਜਮੀਨ ਤੇ ਵਿਛ ਗਈ। ਇਸ ਦੇ ਇਲਾਵਾ ਰਾਤ ਭਰ ਬਿਜਲੀ ਨਾ ਆਉਣ ਕਾਰਨ ਪਠਾਨਕੋਟ ਦੇ ਨਗਰ ਨਿਗਮ ਦੇ ਵਾਰਡ ਨੰਬਰ 46 ਵਿੱਚ ਲੋਕਾਂ ਨੇ ਪਾਰਵਕੌਮ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਪਾਵਰਕੌਮ ਨੇ ਸ਼ਨਿਚਰਵਾਰ ਸ਼ਾਮ 5 ਵਜੇ ਹੀ ਬਿਜਲੀ ਬੰਦ ਕਰ ਦਿੱਤੀ ਸੀ ਜੋ ਅੱਜ ਦੁਪਹਿਰ 12 ਵਜੇ ਤੱਕ ਨਹੀਂ ਆਈ।
ਤਰਨ ਤਾਰਨ ਜ਼ਿਲ੍ਹੇ ਦੇ 22 ਪਿੰਡਾਂ ’ਚ ਹੋਇਆ ਜ਼ਿਆਦਾ ਨੁਕਸਾਨ
ਤਰਨ ਤਾਰਨ (ਪੱਤਰ ਪ੍ਰੇਰਕ): ਖੇਤੀਬਾੜੀ ਵਿਭਾਗ ਨੇ ਜ਼ਿਲ੍ਹੇ ਦੇ 22 ਪਿੰਡਾਂ ਨੂੰ ਛੱਡ ਕੇ ਬਾਕੀ ਦੇ ਪਿੰਡਾਂ ਵਿੱਚ ਫਸਲਾਂ ਦਾ 5% ਤੋਂ ਲੈ ਕੇ 10% ਤੱਕ ਹੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ| ਅੱਜ ਮੁੱਖ ਖੇਤੀਬਾੜੀ ਅਧਿਕਾਰੀ (ਸੀਏਓ) ਡਾ. ਜਗਵਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਨੁਕਸਾਨ ਦੇ ਜਾਇਜ਼ੇ ਲਈ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਹੈ| ਡਾ.ਜਗਵਿੰਦਰ ਸਿੰਘ ਨੇ ਦੱਸਿਆ ਗਿਆ ਕਿ ਰੂੜੇਆਸਲ, ਚੁਤਾਲਾ, ਪਿੱਦੀ, ਤਖੁਚੱਕ, ਭੁੱਲਰ, ਬਾਠ, ਵਲੀਪੁਰ, ਬੁੱਘਾ, ਜਹਾਂਗੀਰ ,ਪੱਖੋਕੇ, ਅਲਾਦੀਨਪੁਰ, ਬਾਗੜੀਆਂ ਆਦਿ ਜ਼ਿਲ੍ਹੇ ਦੇ 17 ਪਿੰਡਾਂ ਵਿੱਚ ਬਾਸਮਤੀ ਦਾ ਵਧੇਰੇ ਨੁਕਸਾਨ ਹੋਇਆ ਹੈ ਜਦਕਿ ਜਹਾਂਗੀਰ, ਦੀਨੇਵਾਲ, ਬਾਗੜੀਆਂ, ਦੇਊ ਅਤੇ ਬਾਠ ਪੰਜ ਪਿੰਡਾਂ ਅੰਦਰ ਆਲੂ ਅਤੇ ਮਟਰ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ| ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਾਕੀ ਦੇ ਪਿੰਡਾਂ ਵਿੱਚ ਫਸਲਾਂ ਦਾ ਨਾਮਾਤਰ ਹੀ ਨੁਕਸਾਨ ਹੋਇਆ ਹੈ।
ਸਬਜ਼ੀ ਦੀਆਂ ਫ਼ਸਲਾਂ ਦਾ ਨੁਕਸਾਨ
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਲੰਘੀ ਰਾਤ ਆਏ ਤੇਜ਼ ਮੀਂਹ ਨਾਲ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਈ ਥਾਈਂ ਝੋਨੇ ਦੀ ਪੱਕੀ ਫ਼ਸਲ ਧਰਤੀ ’ਤੇ ਵਿਛ ਗਈ ਅਤੇ ਮੰਡੀਆਂ ਵਿੱਚ ਝੋਨਾ ਵੀ ਭਿੱਜ ਗਿਆ ਹੈ। ਇਲਾਕੇ ਵਿਚ ਸਬਜ਼ੀ ਦੀਆਂ ਫਸਲਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਵੱਖ-ਵੱਖ ਪਿੰਡਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਤੇਜ਼ ਮੀਂਹ ਪੈਣ ਕਾਰਨ ਝੋਨੇ, ਮਟਰ, ਪਾਲਕ, ਮੇਥੀ ਤੇ ਹੋਰ ਸਬਜੀ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।
ਜਥੇਬੰਦੀ ਨੇ ਨੁਕਸਾਨ ਦਾ ਜਾਇਜ਼ਾ ਲਿਆ
ਤਰਨ ਤਾਰਨ (ਗੁਰਬਖਸ਼ਪੁਰੀ): ਜਮਹੂਰੀ ਕਿਸਾਨ ਸਭਾ ਦੀ ਟੀਮ ਨੇ ਬਾਰਿਸ਼ ਤੇ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਜਾਣਕਾਰੀ ਇਕੱਤਰ ਕਰਨ ਲਈ ਇਲਾਕੇ ਦੇ ਪਿੰਡਾਂ ਦਾ ਦੌਰਾ ਕੀਤਾ ਹੈ। ਸੂਬਾ ਆਗੂ ਪਰਗਟ ਸਿੰਘ ਜਾਮਾਰਾਏ ਦੀ ਅਗਵਾਈ ਵਿੱਚ ਦੌਰਾ ਕਰਨ ਵਾਲੀ ਟੀਮ ਵਲੋਂ ਜਿਲ੍ਹੇ ਦੇ ਝਬਾਲ, ਸਰਾਏ ਅਮਾਨਤ ਖਾਂ, ਗੱਗੋਬੁਆ, ਖਾਲੜਾ, ਖੇਮਕਰਨ, ਨੌਸ਼ਿਹਰਾ ਪੰਨੂੰਆਂ, ਗੋਹਲਵੜ੍ਹ, ਪੰਡੋਰੀ ਗੋਲਾ, ਬਾਠ, ਭੁੱਲਰ, ਦੇਉ, ਸੰਘਾ, ਮਾਲਚੱਕ, ਕੰਗ ਆਦਿ ਤੋਂ ਜਾਣਕਾਰੀ ਇਕੱਤਰ ਕੀਤੀ। ਆਗੂਆਂ ਕਿਹਾ ਕਿ ਜਥੇਬੰਦੀ ਰਿਪੋਰਟ ਸੂਬਾ ਸਰਕਾਰ ਤੇ ਡੀਸੀ ਕੁਲਵੰਤ ਸਿੰਘ ਨੂੰ ਭੇਜ ਰਹੀ ਹੈ।