ਗੁਰਬਖਸ਼ਪੁਰੀ
ਤਰਨ ਤਾਰਨ, 6 ਜੁਲਾਈ
ਇਸ ਖੇਤਰ ਵਿਚ ਭਾਰੀ ਮੀਂਹ ਪੈਣ ਤੋਂ ਇਲਾਵਾ ਡੈਮਾਂ ਤੋਂ ਵਧੇਰੇ ਪਾਣੀ ਛੱਡਣ ਨਾਲ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਨਾਲ ਹਰੀਕੇ ਨੇੜਲੇ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਦੋ ਟੀਮਾਂ ਨੇ ਮੰਡ ਖੇਤਰ ਦੇ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਬੀਰ ਸਿੰਘ ਝਾਮਕਾ ਆਦਿ ਨੇ ਦੱਸਿਆ ਕਿ ਬਿਆਸ ਤੋਂ ਇਲਾਵਾ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਜਲਾਲਾਬਾਦ, ਵੈਰੋਵਾਲ, ਜੌਹਲ ਢਾਏ ਵਾਲਾ, ਭੈਲ ਢਾਏ ਵਾਲਾ, ਮੁੰਡਾ ਪਿੰਡ ਆਦਿ ਪਿੰਡਾਂ ਦੀ ਮੰਡ ਇਲਾਕੇ ਦੀ ਜ਼ਮੀਨ ਵਿਚਲੀਆਂ ਫਸਲਾਂ ਨੂੰ ਪਾਣੀ ਨੇ ਆਪਣੀ ਮਾਰ ਹੇਠ ਲੈ ਲਿਆ ਹੈ। ਇਸ ਨਾਲ ਕਿਸਾਨਾਂ ਲਈ ਸੁੱਕੇ ਚਾਰੇ ਦਾ ਸੰਕਟ ਆ ਗਿਆ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂ ਪਰਗਟ ਸਿੰਘ ਜਾਮਾਰਾਏ ਦੀ ਅਗਵਾਈ ਹੇਠ ਜਥੇਬੰਦੀ ਦੇ ਇਕ ਵਫ਼ਦ ਵੱਲੋਂ ਹਰੀਕੇ ਤੋਂ ਇਲਾਵਾ ਘੜਕਾ, ਧੁੰਨ ਢਾਏ ਵਾਲਾ, ਗੁਜਰਪੁਰਾ, ਚੰਬਾ ਕਲਾਂ, ਕੰਬੋਅ ਢਾਏ ਵਾਲਾ, ਜੌਨੇਕੇ ਆਦਿ ਪਿੰਡਾਂ ਦੇ ਮੰਡ ਖੇਤਰ ਦਾ ਦੌਰਾ ਕੀਤਾ ਗਿਆ। ਜਾਮਾਰਾਏ ਨੇ ਕਿਹਾ ਕਿ ਹਰੀਕੇ ਹੈੱਡਵਰਕਸ ਦੇ ਗੇਟ ਬੰਦ ਕਰਨ ਨਾਲ ਇਹ ਪਾਣੀ ਪਿੱਛੇ ਮੁੜ ਰਿਹਾ ਹੈ ਜਿਹੜਾ ਚੰਬਾ ਕਲਾਂ, ਧੁੰਨਢਾਏ ਵਾਲਾ, ਘੜਕਾ ਆਦਿ ਪਿੰਡਾਂ ਦੇ ਕਿਸਾਨ ਦੀਆਂ ਫਸਲਾਂ ਨੂੰ ਤਬਾਹ ਕਰ ਰਿਹਾ ਹੈ| ਡੀਐਸਪੀ ਪੱਟੀ ਸਤਨਾਮ ਸਿੰਘ ਨੇ ਕਿਹਾ ਕਿ ਪੁਲੀਸ ਦਰਿਆ ਦੀ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ| ਉਨ੍ਹਾਂ ਕਿਹਾ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਿਹਾ ਹੈ ਜਿਸ ਕਰਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ|
ਪੰਜਾਬ ’ਚ 7 ਤੋਂ 9 ਜੁਲਾਈ ਤਕ ਮੀਂਹ ਪੈਣ ਦੀ ਪੇਸ਼ੀਨਗੋਈ
ਚੰਡੀਗੜ੍ਹ (ਟਨਸ): ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਨਵਾਂ ਸ਼ਹਿਰ ’ਚ ਭਰਵਾਂ ਮੀਂਹ ਪਿਆ। ਮੀਂਹ ਪੈਣ ਕਰਕੇ ਝੋਨੇ ਦੀ ਲੁਆਈ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਜਦਕਿ ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਫਿਕਰ ਵੱਧ ਗਏ ਹਨ, ਜਿਨ੍ਹਾਂ ਨੂੰ ਮੀਂਹ ਪੈਣ ਕਰਕੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦਾ ਡਰ ਸਤਾ ਰਿਹਾ ਹੈ। ਮੌਸਮ ਵਿਭਾਗ ਨੇ 7, 8 ਤੇ 9 ਜੁਲਾਈ ਨੂੰ ਸੂਬੇ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਅੰਮ੍ਰਿਤਸਰ ’ਚ 43 ਐੱਮਐੱਮ, ਲੁਧਿਆਣਾ ’ਚ 6 ਐੱਮਐੱਮ, ਜਲੰਧਰ ’ਚ 32.5 ਐੱਮਐੱਮ, ਨਵਾਂ ਸ਼ਹਿਰ ’ਚ 14 ਐੱਮਐੱਮ ਮੀਂਹ ਦਰਜ ਕੀਤਾ ਗਿਆ।