ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਜੂਨ
ਸਿੱਖ ਜਥੇਬੰਦੀ ਦਲ ਖਾਲਸਾ ਨੇ ਆਪਣੀ ਜਥੇਬੰਦਕ ਮੀਟਿੰਗ ਦੌਰਾਨ ਆਖਿਆ ਕਿ ਕੇਂਦਰ ਸਰਕਾਰ ਨੂੰ ਪੰਜਾਬ ਯੂਨੀਵਰਸਿਟੀ ’ਤੇ ਕਬਜ਼ਾ ਕਰਨ ਤੋਂ ਰੋਕਿਆ ਜਾਵੇਗਾ। ਜਥੇਬਦੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਪਹਿਲਾਂ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ, ਰਾਜਧਾਨੀ ਦੇ ਹੱਕ ਉਤੇ ਡਾਕਾ ਮਾਰਿਆ ਅਤੇ ਹੁਣ ਪੰਜਾਬ ਯੂਨੀਵਰਸਿਟੀ ਨੂੰ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੂਨ ’84 ਤੋਂ ਬਾਅਦ ਪੰਜਾਬ ਅਤੇ ਦਿੱਲੀ ਦੇ ਰਿਸ਼ਤਿਆਂ ਵਿੱਚ ਪਹਿਲਾਂ ਹੀ ਦਰਾਰ ਪੈ ਚੁੱਕੀ ਹੈ। ਕੇਂਦਰ ਦੇ ਇਸ ਨਵੇਂ ਹੱਲੇ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਅਦਾਲਤੀ ਅਮਲ ਰਾਹੀਂ ਆਪਣੇ ਕੰਟਰੋਲ ਹੇਠ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਦਲ ਖਾਲਸਾ ਨੇ ਪੀਯੂ ਚੰਡੀਗੜ੍ਹ ਦੇ ਵਿਦਿਆਰਥੀਆਂ ਨਾਲ ਇੱਕਜੁੱਟਤਾ ਦਾ ਇਜ਼ਹਾਰ ਕਰਦਿਆਂ ਕੇਂਦਰ ਵਿਰੁੱਧ ਸਾਂਝਾ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ। ਯੂਥ ਵਿੰਗ ਦੇ ਆਗੂ ਗੁਰਨਾਮ ਸਿੰਘ ਮੂਨਕਾ ਨੇ ਮੋਦੀ ਸਰਕਾਰ ਨੂੰ ਫਾਸ਼ੀਵਾਦੀ ਦੱਸਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਕੇਂਦਰੀਕਰਨ ਦਾ ਅਮਲ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਜਿਸ ਤਹਿਤ ਭਾਜਪਾ ਦਾ ਏਜੰਡਾ ਕੇਂਦਰ ਨੂੰ ਮਜ਼ਬੂਤ ਅਤੇ ਸਟੇਟਾਂ ਨੂੰ ਕਮਜ਼ੋਰ ਕਰਨਾ ਹੈ। ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਦੀ ਪੰਜਾਬ ਪ੍ਰਤੀ ਨੀਅਤ ਖੋਟੀ ਅਤੇ ਨੀਤੀ ਖ਼ਤਰਨਾਕ ਹੈ ਜਿਸ ਤਹਿਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਖੋਹਣ ਲਈ ਕੇਂਦਰ ਉਸ ਦੇ ਪ੍ਰਸ਼ਾਸਨਿਕ ਢਾਂਚੇ ’ਤੇ ਆਪਣੀ ਪਕੜ ਨੂੰ ਮਜ਼ਬੂਤ ਕਰ ਚੁੱਕਾ ਹੈ।