ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 12 ਅਕਤੂਬਰ
ਸਿੱਖ ਜਥੇਬੰਦੀ ਦਲ ਖਾਲਸਾ ਨੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਦੇ ਕੈਨੇਡਾ ’ਚ ਵੱਸਦੇ ਖਾਲਿਸਤਾਨੀਆਂ ਵਿਰੁੱਧ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਲੋਕਤੰਤਰ ਦੀ ਭਾਵਨਾ ਦੇ ਉਲਟ ਦੱਸਦਿਆਂ ਦੋਸ਼ ਲਾਇਆ ਕਿ ਕੈਨੇਡਾ ਅੰਦਰ ਲੋਕਤੰਤਰ ਸਹੀ ਅਰਥਾਂ ਵਿੱਚ ਮੌਜੂਦ ਹੈ ਜਦਕਿ ਭਾਰਤ ’ਚ ਜਮਹੂਰੀਅਤ ਮਹਿਜ਼ ਕਾਗ਼ਜ਼ਾਂ ਤੱਕ ਸੀਮਤ ਹੈ। ਦਲ ਖਾਲਸਾ ਵੱਲੋਂ ਇਹ ਟਿੱਪਣੀ ਜੈਸ਼ੰਕਰ ਦੇ ਉਸ ਬਿਆਨ ਦੇ ਜੁਆਬ ਵਿੱਚ ਆਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕੈਨੇਡਾ ’ਚ ਖਾਲਿਸਤਾਨ ਦੇ ਸਮਰਥਕ ਬੋਲਣ ਦੀ ਆਜ਼ਾਦੀ ਦੇ ਹੱਕ ਦਾ ਗ਼ਲਤ ਫ਼ਾਇਦਾ ਉਠਾ ਰਹੇ ਹਨ। ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਤੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਖਾਲਿਸਤਾਨੀ ਸਮਰਥਕ ਕੈਨੇਡਾ ’ਚ ਬਿਨਾਂ ਕਿਸੇ ਖ਼ੌਫ਼ ਦੇ ਬੋਲਣ ਦੀ ਆਜ਼ਾਦੀ ਦਾ ਯੋਗ ਇਸਤੇਮਾਲ ਕਰ ਰਹੇ ਹਨ ਜਦਕਿ ਭਾਰਤ ’ਚ ਆਜ਼ਾਦੀ ਮੰਗਣ ਵਾਲਿਆਂ ਨੂੰ ਇਸ ਹੱਕ ਤੋਂ ਵਾਂਝਿਆਂ ਰਹਿਣਾ ਪੈ ਰਿਹਾ ਹੈ। ਸਿੱਖ ਆਗੂਆਂ ਨੇ ਪੰਜਾਬ ਅੰਦਰ ਹੱਕਾਂ ਅਤੇ ਇਨਸਾਫ਼ ਲਈ ਲੜ ਰਹੇ ਲੋਕਾਂ ਨੂੰ 14 ਅਕਤੂਬਰ ਨੂੰ ਬਹਬਿਲ ਕਲਾਂ ਮੋਰਚੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ।