ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਅਗਸਤ
ਦਲ ਖਾਲਸਾ ਦੇ ਆਗੂ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਆਪਣਾ ਬਰਾਬਰ ਪ੍ਰੋਗਰਾਮ ਕਰਨ ਲਈ ਬਜ਼ਿੱਦ ਹਨ। ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੂੰ ਪਿੰਡ ਲਾਹੌਰੀ ਕਲਾਂ ਸਥਿਤ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੁਲੀਸ ਪ੍ਰਸ਼ਾਸਨ ਨੇ ਦਲ ਖਾਲਸਾ ਦੇ ਪ੍ਰੋਗਰਾਮ ’ਤੇ ਰੋਕ ਲਾ ਦਿੱਤੀ ਹੈ। ਸਿੱਖ ਜਥੇਬੰਦੀ ਨੇ ਐਲਾਨ ਕੀਤਾ ਸੀ ਕਿ ਉਹ ਆਜ਼ਾਦੀ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ ਤੇ ਇਸ ਦੇ ਬਰਾਬਰ ਖਾਲਸਾਈ ਝੰਡੇ ਨੂੰ ਸਲਾਮੀ ਦੇਣਗੇ। ਇਹ ਸਾਰਾ ਪ੍ਰੋਗਰਾਮ ਇੱਥੇ ਵਿਰਾਸਤੀ ਮਾਰਗ ਵਿੱਚ ਗੁਰਦੁਆਰਾ ਸੰਤੋਖਸਰ ਦੇ ਬਾਹਰ ਕਰਨ ਦੀ ਯੋਜਨਾ ਬਣਾਈ ਸੀ। ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਅੱਜ ਜਥੇਬੰਦੀ ਦੇ ਆਗੂਆਂ ਨਾਲ ਹੋਈ ਮੀਟਿੰਗ ’ਚ ਜਥੇਬੰਦੀ ਨੇ ਆਪਣਾ ਪ੍ਰੋਗਰਾਮ ਨਿਰਧਾਰਤ ਥਾਂ ’ਤੇ ਕਰਨ ਦਾ ਫ਼ੈਸਲਾ ਕੀਤਾ ਹੈ।