ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਸਤੰਬਰ
ਦਲ ਖ਼ਾਲਸਾ ਦੇ ਸਹਿ ਬਾਨੀ ਭਾਈ ਗਜਿੰਦਰ ਸਿੰਘ ਇਸ ਵੇਲੇ ਪਾਕਿਸਤਾਨ ਵਿੱਚ ਹਨ। ਇਹ ਖੁਲਾਸਾ ਉਨ੍ਹਾਂ ਦੀ ਇਕ ਤਸਵੀਰ ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿੱਚ ਸਾਹਮਣੇ ਆਉਣ ਤੋਂ ਬਾਅਦ ਹੋਇਆ ਹੈ। ਉਨ੍ਹਾਂ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਦੇ ਫੇਸਬੁੱਕ ਪੇਜ ’ਤੇ ਅਪਲੋਡ ਕੀਤੀ ਹੈ, ਜਿਸ ਦੇ ਹੇਠਾਂ ਉਨ੍ਹਾਂ ਦੀ ਇਕ ਕਵਿਤਾ ‘ਜ਼ਿੰਦਗੀ ਦੀ ਕਿਤਾਬ’ ਵੀ ਦਰਜ ਹੈ।
ਗਜਿੰਦਰ ਸਿੰਘ ਭਾਰਤ ਸਰਕਾਰ ਦੀ ਜਨਵਰੀ 2002 ਵਿੱਚ ਜਾਰੀ ਕੀਤੀ ਗਈ ਮੋਸਟ ਵਾਂਟੇਡ ਦੀ ਲਿਸਟ ਵਿੱਚ ਸ਼ਾਮਲ ਸੀ। ਉਨ੍ਹਾਂ ਆਪਣੇ ਸਾਥੀਆਂ ਸਮੇਤ 29 ਸਤੰਬਰ 1981 ਨੂੰ ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਕੀਤਾ ਸੀ, ਜਿਸ ਨੂੰ ਉਹ ਲਾਹੌਰ ਲੈ ਕੇ ਗਏ ਗਏ ਸਨ। ਉਨ੍ਹਾਂ ਇਹ ਕਾਰਵਾਈ ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਰਿਹਾਅ ਕਰਾਉਣ ਤੇ ਖ਼ਾਲਿਸਤਾਨ ਲਹਿਰ ਨੂੰ ਅੰਤਰਰਾਸ਼ਟਰੀ ਮੰਚ ’ਤੇ ਉਭਾਰਨ ਲਈ ਕੀਤੀ ਸੀ। ਉਨ੍ਹਾਂ ਨਾਲ ਸਤਨਾਮ ਸਿੰਘ ਪਾਉਂਟਾ ਸਾਹਿਬ, ਤੇਜਿੰਦਰਪਾਲ ਸਿੰਘ, ਦਲਬੀਰ ਸਿੰਘ ਅਤੇ ਕਰਨ ਸਿੰਘ ਸ਼ਾਮਲ ਸਨ। ਜਹਾਜ਼ ਅਗਵਾ ਕਰਨ ਦੇ ਦੋਸ਼ ਹੇਠ ਇਨ੍ਹਾਂ ਪੰਜਾਂ ਨੂੰ ਪਾਕਿਸਤਾਨ ਵਿੱਚ 14 ਸਾਲ ਦੀ ਕੈਦ ਹੋਈ ਸੀ, ਜਿਸ ਵਿੱਚੋਂ ਉਹ ਸਾਰੇ 1995 ਵਿੱਚ ਰਿਹਾਅ ਹੋਏ ਸਨ। ਜ਼ਿਕਰਯੋਗ ਹੈ ਕਿ ਇਸਲਾਮਾਬਾਦ ਵੱਲੋਂ ਗਜਿੰਦਰ ਸਿੰਘ ਦੇ ਪਾਕਿਸਤਾਨ ਵਿੱਚ ਹੋਣ ਸਬੰਧੀ ਨਾਂਹ ਕੀਤੀ ਜਾ ਚੁੱਕੀ ਹੈ। ਗਜਿੰਦਰ ਸਿੰਘ ਦੇ ਪਾਕਿਸਤਾਨ ਵਿੱਚ ਹੋਣ ਬਾਰੇ ਹੁਣ ਤੱਕ ਅਧਿਕਾਰਤ ਤੌਰ ’ਤੇ ਪਾਕਿਸਤਾਨ ਸਰਕਾਰ ਵੱਲੋਂ ਕਦੇ ਵੀ ਅਜਿਹੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾ ਹੀ ਕਦੇ ਦਲ ਖ਼ਾਲਸਾ ਜਥੇਬੰਦੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਰ ਹੁਣ ਉਨ੍ਹਾਂ ਦੀ ਇਹ ਤਸਵੀਰ ਗੁਰਦੁਆਰਾ ਪੰਜਾ ਸਾਹਿਬ ਵਿੱਚ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਉਹ ਪਾਕਿਸਤਾਨ ਵਿੱਚ ਹੀ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਜਰਮਨੀ ਵਿੱਚ ਦੇਹਾਂਤ ਹੋ ਗਿਆ ਸੀ ਪਰ ਉਹ ਉੱਥੇ ਵੀ ਨਹੀਂ ਪੁੱਜੇ ਸਨ। ਉਨ੍ਹਾਂ ਦੀ ਇੱਕ ਬੇਟੀ ਹੈ, ਜੋ ਯੂਕੇ ਵਿੱਚ ਰਹਿ ਰਹੀ ਹੈ। ਸੋਸ਼ਲ ਮੀਡੀਆ ’ਤੇ ਉਸ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸੂਹੀਆਂ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਗਜਿੰਦਰ ਸਿੰਘ ਦੀ ਤਸਵੀਰ, ਉਨ੍ਹਾਂ ਦੇ ਐੱਫਬੀ ਪੇਜ਼ ’ਤੇ ਅਪਲੋਡ ਹੋਣ ਦੀ ਪੁਸ਼ਟੀ ਕੀਤੀ ਹੈ।