ਪਰਮਜੀਤ ਸਿੰਘ
ਫਾਜ਼ਿਲਕਾ,15 ਅਕਤੂਬਰ
ਜ਼ਿਲ੍ਹੇ ਅਧੀਨ ਪਿੰਡ ਚੱਕ ਜਾਨੀਸਰ ਵਿਖੇ ਦਲਿਤ ਨੌਜਵਾਨ ਨੂੰ ਕੁਝ ਹੋਰ ਨੌਜਵਾਨਾਂ ਵੱਲੋਂ ਮਾਰ ਕੁਟਾਈ ਕਰਕੇ ਉਸ ਨੂੰ ਪਿਸ਼ਾਬ ਪਿਲਾਉਣ ਦੇ ਮਾਮਲੇ ਵਿੱਚ ਜਲਾਲਾਬਾਦ ਦੀ ਪੁਲੀਸ ਪੀੜਤ ਪਰਿਵਾਰ ਨੂੰ ਕਥਿਤ ਤੌਰ ’ਤੇ ਤੰਗ ਕਰ ਰਹੀ ਹੈ। ਪੀੜਤ ਪਰਿਵਾਰ ਨੇ ਪੁਲੀਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਤੜਕੇ ਪੁਲੀਸ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਔਰਤਾਂ ਸਮੇਤ ਚੁੱਕ ਲਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੇ ਨੌਜਵਾਨ ਨੂੰ ਛੁਡਵਾਇਆ, ਪੁਲੀਸ ਉਨ੍ਹਾਂ ਵਿਅਕਤੀਆਂ ਨੂੰ ਕਥਿਤ ’ਤੇ ਤੰਗ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਸਿੱਧੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਦਾ ਹਾਲ ਜਾਨਣ ਲਈ ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਆ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀਆਂ ਔਰਤਾਂ ਨੂੰ ਤੜਕੇ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ’ਚ ਉਨ੍ਹਾਂ ਨੂੰ ਛੁਡਵਾਇਆ ਗਿਆ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਸਾਬਕਾ ਕੇਂਦਰੀ ਮੰਤਰੀ ਨੂੰ ਸਾਜ਼ਿਸ਼ ਤਹਿਤ ਰੋਕਿਆ ਗਿਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕੀ ਅਸਲ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ ਉਲਟਾ ਸਾਡੇ ਬੰਦੇ ਫੜੇ ਜਾ ਰਹੇ ਹਨ।
ਦੂਜੇ ਪਾਸੇ ਡੀਐੱਸਪੀ ਜਲਾਲਾਬਾਦ ਦਾ ਕਹਿਣਾ ਹੈ ਕਿ ਉਹ ਵਾਇਰਲ ਵੀਡੀਓ ਦੇ ਅਧਾਰ ’ਤੇ ਸ਼ਨਾਖਤ ਕਰ ਕੇ ਮੁਲਜ਼ਮਾਂ ਨੂੰ ਫੜ ਰਹੇ ਹਨ। ਉਨ੍ਹਾਂ ਪੀੜਤ ਪਰਿਵਾਰ ਦੀਆਂ ਔਰਤਾਂ ਨੂੰ ਫੜਨ ਦੇ ਦੋਸ਼ਾਂ ਨੂੰ ਨਕਾਰ ਦਿੱਤਾ।