ਪੱਤਰ ਪ੍ਰੇਰਕ
ਅੰਮ੍ਰਿਤਸਰ, 8 ਜਨਵਰੀ
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵਲੋਂ ਦਿੱਲੀ ਦੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਟਕਸਾਲ ਦੇ ਆਗੂ ਗਿਆਨੀ ਬਾਬਾ ਜੀਵਾ ਸਿੰਘ ਨੇ ਮੋਰਚੇ ਦੇ ਆਗੂਆਂ ਨੂੰ ਪੰਜ ਲੱਖ ਰੁਪਏ ਭੇਟ ਕੀਤੇ। ਉਨ੍ਹਾਂ ਇਸ ਮੌਕੇ ਵੱਖ-ਵੱਖ ਸਰਹੱਦਾਂ ’ਤੇ ਕਿਸਾਨ ਮੋਰਚੇ ਵਿੱਚ ਡਟੇ ਅੰਦੋਲਨਕਾਰੀਆਂ ਨੂੰ 21 ਕੁਇੰਟਲ ਖੋਏ ਦੀਆਂ ਪਿੰਨੀਆਂ ਵੀ ਵਰਤਾਈਆਂ। ਟਕਸਾਲ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਨੇ ਦੱਸਿਆ ਕਿ ਟਕਸਾਲ ਆਗੂ ਬਾਬਾ ਜੀਵਾ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ਾਂ ਦੀ ਥਾਂ ਭਾਰਤ ਵਿੱਚ ਲੋਕਤੰਤਰ ਬਣਾਈ ਰੱਖਣ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਪ੍ਰਤੀ ਗੰਭੀਰ ਹੋਣ। ਉਨ੍ਹਾਂ ਮੋਦੀ ਸਰਕਾਰ ਨੂੰ ਕਿਸਾਨੀ ਮਾਮਲੇ ਵਿੱਚ ਆਪਣੀ ਸਹੀ ਭੂਮਿਕਾ ਨਿਭਾਉਣ ਲਈ ਕਿਹਾ।