ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੁਲਾਈ
ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਮਾਨਸਾ, ਬਠਿੰਡਾ, ਮੁਕਤਸਰ, ਫਾਜ਼ਿਲਕਾ ਉਪਰ ਟਿੱਡੀ ਦਲ ਦੇ ਹਮਲੇ ਦਾ ਖਦਸ਼ਾ ਬਣਨ ਤੋਂ ਬਾਅਦ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸੁਚੇਤ (ਅਲਰਟ) ਕਰ ਦਿੱਤਾ ਗਿਆ ਹੈ। ਮਹਿਕਮੇ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਰਾਖੀ ਕਰਨ ਲਈ ਕਿਹਾ ਹੈ। ਖੇਤੀ ਮਹਿਕਮੇ ਨੂੰ ਟਿੱਡੀਆਂ ਦਾ ਹਮਲਾ ਗੁਆਂਢੀ ਸੂਬੇ ਹਰਿਆਣੇ ਦੇ ਸਿਰਸਾ ਅਤੇ ਹਿਸਾਰ ਜ਼ਿਲ੍ਹੇ ਵਿੱਚ ਹੋਣ ਦੀ ਜਾਣਕਾਰੀ ਮਿਲੀ ਹੈ।
ਮਾਨਸਾ ਜ਼ਿਲ੍ਹੇ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਜੇਕਰ ਇਹ ਹਮਲਾ ਪੱਛਮ ਤੋਂ ਪੂਰਬ ਵਾਲੇ ਪਾਸੇ ਹਵਾ ਦੇ ਰੁਖ਼ ਅਨੁਸਾਰ ਹੁੰਦਾ ਹੈ ਤਾਂ ਇਸ ਦੀ ਮਾਰ ਹੇਠ ਮਾਨਸਾ ਜ਼ਿਲ੍ਹਾ ਵੀ ਆਵੇਗਾ। ਅੱਜ ਬਾਅਦ ਦੁਪਹਿਰ ਵੇਲੇ ਹਰਿਆਣਾ ਦੇ ਪਿੰਡ ਨਿਹਾਲ ਸਿੰਘ ਵਾਲਾ, ਮਾਧੂਸਿੰਘਣਾ, ਮੱਲੇਕੇ ਵਿੱਚ ਟਿੱਡੀ ਦਲ ਦੇਖਿਆ ਗਿਆ, ਜਿਸ ਮਗਰੋਂ ਲਗਾਤਾਰ ਹਰਿਆਣਾ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਸਭ ਤੋਂ ਵੱਧ ਨੁਕਸਾਨ ਟਿੱਡੀਆਂ ਦੇ ਰਾਤ ਨੂੰ ਠਹਿਰਾਅ ਕਰਨ ਵਾਲੇ ਖੇਤਰ ਵਿੱਚ ਹੋਵੇਗਾ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਕਿਸਾਨਾਂ ਦੇ ਵੱਟਸਐਪ ਗਰੁੱਪਾਂ ਸਮੇਤ ਪਿੰਡਾਂ ਦੇ ਨੰਬਰਦਾਰਾਂ, ਪੰਚਾਂ-ਸਰਪੰਚਾਂ, ਐੱਸਡੀਐੱਮ, ਬੀਡੀਪੀਓ ਅਤੇ ਤਹਿਸੀਲਦਾਰਾਂ ਨਾਲ ਰਾਬਤਾ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮਹਿਕਮੇ ਕੋਲ ਹਰ ਬਲਾਕ ਪੱਧਰ ’ਤੇ 50-50 ਲਿਟਰ ਕਲੈਰੋਪੈਰੀਫਾਸ਼ ਦੇ ਪ੍ਰਬੰਧ ਹਨ ਅਤੇ ਲੋੜ ਪੈਣ ’ਤੇ ਹੋਰ ਦਵਾਈ ਖ਼ਰੀਦਣ ਦੇ ਅਧਿਕਾਰ ਵੀ ਹਨ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਹੈ ਕਿ ਟਿੱਡੀ ਦਲ ਨੂੰ ਕਿਸੇ ਵੀ ਖੇਤ ਜਾਂ ਥਾਂ ਉੱਤੇ ਬੈਠਣ ਤੋਂ ਰੋਕਣਾ ਬੇਹੱਦ ਜ਼ਰੂਰੀ ਹੈ।
ਟਿੱਡੀ ਦਲ ਨੇ ਕਿਸਾਨਾਂ ਨੂੰ ਵਾਹਣੀਂ ਪਾਇਆ
ਸਿਰਸਾ (ਪ੍ਰਭੂ ਦਿਆਲ): ਸਿਰਸਾ ਦੇ ਦਰਜਨਾਂ ਪਿੰਡਾਂ ਵਿੱਚ ਅੱਜ ਦੁਪਹਿਰ ਵੇਲੇ ਤਕ ਟਿੱਡ ਦਲ ਨੇ ਦਰਜਨਾਂ ਪਿੰਡਾਂ ਦੇ ਖੇਤਾਂ ਵਿੱਚ ਹਮਲਾ ਬੋਲ ਦਿੱਤਾ। ਇਹ ਟਿੱਡੀ ਦਲ ਰਾਜਸਥਾਨ ਦੇ ਗੰਗਾਨਗਰ ਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਤੋਂ ਸਿਰਸਾ ਦੇ ਪਿੰਡਾਂ ਵਿੱਚ ਦਾਖ਼ਲ ਹੋਇਆ ਹੈ। ਟਿੱਡੀ ਦਲ ਦੇ ਸਿਰਸਾ ਦੇ ਪਿੰਡਾਂ ਵਿੱਚ ਦਾਖ਼ਲ ਹੁੰਦੇ ਹੀ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀ ਤੇ ਫਾਇਰ ਬ੍ਰਿਗੇਡ ਦਾ ਅਮਲਾ ਖੇਤਾਂ ’ਚ ਪੁੱਜ ਗਿਆ। ਖੇਤੀਬਾੜੀ ਦੇ ਜ਼ਿਲ੍ਹਾ ਡਾਇਰੈਕਟਰ ਡਾ. ਬਾਬੂ ਲਾਲ ਨੇ ਦੱਸਿਆ ਕਿ ਟਿੱਡੀ ਦਲ ਨੇ ਫਿਲਹਾਲ ਖੇਤਾਂ ਦਾ ਨੁਕਸਾਨ ਨਹੀਂ ਕੀਤਾ ਹੈ। ਰਾਤ ਨੂੰ ਜਿਥੇ ਟਿੱਡੀ ਦਲ ਬੈਠੇਗਾ, ਉਥੇ ਇਸ ਉੱਤੇ ਸਪਰੇਅ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਆਰ.ਸੀ. ਬਿਢਾਨ ਨੇ ਕਿਸਾਨਾਂ ਨੂੰ ਰਾਤ ਵੇਲੇ ਪਹਿਰਾ ਲਾਉਣ ਦੀ ਅਪੀਲ ਕੀਤੀ।