ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਜਨਵਰੀ
ਈਕੋ ਸਿੱਖ ਜਥੇਬੰਦੀ ਨਾਲ ਜੁੜੀਆਂ ਵੱਖ ਵੱਖ ਜਥੇਬੰਦੀਆਂ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਨੂੰ ਹਲੂਣਾ ਦੇਣਾ ਸ਼ੁਰੂ ਕੀਤਾ ਹੈ ਕਿ ਉਹ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਤਾਵਰਨ ਦੀ ਸਾਂਭ-ਸੰਭਾਲ ਦੇ ਮੁੱਦੇ ਨੂੰ ਵੀ ਸ਼ਾਮਲ ਕਰਨ।
ਲਗਪਗ 50 ਤੋਂ ਵੱਧ ਸਿਟੀਜ਼ਨ ਗਰੁੱਪਾਂ ਦੇ ਮੈਂਬਰਾਂ ਨੇ ਇਸ ਸਬੰਧੀ ਆਵਾਜ਼ ਬੁਲੰਦ ਕੀਤੀ ਹੈ। ਯੂਨਾਈਟਿਡ ਸਿੱਖਜ਼ ਅਤੇ ਪੰਜਾਬ ਡਿਵੈੱਲਪਮੈਂਟ ਫੋਰਮ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਤੇ ਹੋਰਨਾਂ ਨੇ ਵਾਤਾਵਰਨ ਸੁਧਾਰ ਲਈ ਲੋੜੀਂਦੀਆਂ ਸਿਫਾਰਸ਼ਾਂ ਸਬੰਧੀ ਤਿਆਰ ਕੀਤਾ ਇੱਕ ਕਿਤਾਬਚਾ ਸ਼੍ਰੋਮਣੀ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ, ‘ਆਪ’ ਦੇ ਵਿਧਾਇਕ ਅਮਨ ਅਰੋੜਾ, ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪਿਆ ਹੈ। ਆਗੂਆਂ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਕਾਰਨ ਸਾਹ ਦੀਆਂ ਬਿਮਾਰੀਆਂ ਵਧ ਰਹੀਆਂ ਹਨ, ਜੋ ਕਿ ਮੌਤ ਦਾ ਕਾਰਨ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੇ ਆਗੂਆਂ ਦੀ ਲੋੜ ਹੈ, ਜੋ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਹਵਾ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਕੰਮ ਕਰੇ, ਇਸ ਲਈ ਇਹ ਮੁੱਦੇ ਨੂੰ ਸਿਆਸੀ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਨ।
ਵਾਇਸ ਆਫ ਅੰਮ੍ਰਿਤਸਰ ਜਥੇਬੰਦੀ ਦੀ ਆਗੂ ਇੰਦੂ ਅਰੋੜਾ ਅਤੇ ਈਕੋ ਸਿੱਖ ਜਥੇਬੰਦੀ ਦੇ ਬੋਰਡ ਦੀ ਇੱਕ ਮੈਂਬਰ ਅੰਜੂ ਛਾਬੜਾ ਨੇ ਆਖਿਆ ਕਿ ਸਿਟੀਜ਼ਨ ਗਰੁੱਪ ਨਾਲ ਸਬੰਧਤ ਨੁਮਾਇੰਦਿਆਂ ਵੱਲੋਂ ਇਸ ਖੇਤਰ ਨਾਲ ਜੁੜੇ ਮਾਹਿਰਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਬੀੜਾ ਚੁੱਕਿਆ ਗਿਆ ਹੈ, ਜਿਸ ਦਾ ਸਿੱਟਾ ਹੈ ਕਿ ਹੁਣ ਇਸ ਮਾਮਲੇ ਵਿੱਚ ਸਿਆਸੀ ਪਾਰਟੀਆਂ ’ਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ।