ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 8 ਅਗਸਤ
ਪਿੰਡ ਨੰਗਲਾ ਵਿੱਚ ਬੀਤੇ ਦਿਨ ਨੌਜਵਾਨ ਲੜਕੀ ਗਗਨਦੀਪ ਕੌਰ (25) ਦੀ ਹੋਈ ਮੌਤ ਦੇ ਮਾਮਲੇ ਵਿੱਚ ਅੱਜ ਸਥਾਨਕ ਪੁਲੀਸ ਨੇ ਮ੍ਰਿਤਕ ਲੜਕੀ ਦੇ ਦਾਦਾ ਗੁਰਚਰਨ ਸਿੰਘ ਵਾਸੀ ਨੰਗਲਾ ਦੇ ਬਿਆਨਾਂ ਦੇ ਆਧਾਰ ’ਤੇ ਲੜਕੀ ਦੇ ਮਾਤਾ, ਪਿਤਾ ਤੇ ਦੋ ਭਰਾਵਾਂ ਖ਼ਿਲਾਫ਼ ਕਤਲ ਸਣੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਗੁਰਚਰਨ ਸਿੰਘ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸ ਦੇ ਪੁੱਤ ਮੇਜਰ ਸਿੰਘ ਦੀ ਧੀ ਗਗਨਦੀਪ ਕਿਸੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਪਰਿਵਾਰ ਇਸ ਗੱਲ ਨਾਲ ਸਹਿਮਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਦੋ ਅਗਸਤ ਨੂੰ ਸਵੇਰੇ ਪੰਜ ਵਜੇ ਮੇਜਰ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ ਗੁਰਦੁਆਰੇ ਚਲੇ ਗਏ। ਉਸ ਦਾ ਛੋਟਾ ਪੋਤਾ ਲਛਮਣ ਸਿੰਘ ਦੂਜੇ ਘਰ ਸੁੱਤਾ ਪਿਆ ਸੀ। ਇਸ ਦੌਰਾਨ ਮੇਜਰ ਸਿੰਘ ਦੇ ਵੱਡੇ ਪੁੱਤ ਰਾਮ ਸਿੰਘ ਨੇ ਵਹਿੜੇ ਵਿੱਚ ਸੁੱਤੀ ਪਈ ਗਗਨਦੀਪ ਦੇ ਮੂੰਹ ’ਤੇ ਸਿਰਹਾਣਾ ਰੱਖ ਕੇ ਉਸ ਦਾ ਸਾਹ ਬੰਦ ਕਰ ਦਿੱਤਾ। ਗੁਰਚਰਨ ਸਿੰਘ ਨੇ ਹਟਾਉਣ ਦਾ ਯਤਨ ਕੀਤਾ, ਪਰ ਗਗਨਦੀਪ ਦੀ ਮੌਤ ਹੋ ਗਈ। ਰਾਮ ਸਿੰਘ ਨੇ ਉਸ ਨੂੰ ਵੀ ਧਮਕੀ ਦਿੱਤੀ ਕਿ ਜੇਕਰ ਉਹ ਬੋਲਿਆ ਤਾਂ ਉਸ ਦਾ ਵੀ ਇਹੀ ਹਜ਼ਸ ਹੋਵੇਗਾ। ਇਸ ਮਗਰੋਂ ਮੇਜਰ ਸਿੰਘ, ਸਰਬਜੀਤ ਕੌਰ ਤੇ ਲਛਮਣ ਸਿੰਘ ਵੀ ਆ ਗਏ, ਜਿਨ੍ਹਾਂ ਮਿਡ ਕੇ ਮਾਹੌਲ ਤਿਆਰ ਕੀਤਾ ਕਿ ਗਗਨਦੀਪ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
ਜਾਣਕਾਰੀ ਅਨੁਸਾਰ ਪਰਿਵਾਰ ਨੇ ਸਬੂਤ ਮਿਟਾਉਣ ਲਈ ਸਸਕਾਰ ਕਰਕੇ ਅਸਥੀਆਂ ਵੀ ਪਾਣੀ ਵਿੱਚ ਤਾਰ ਦਿੱਤੀਆਂ ਹਨ। ਪੁਲੀਸ ਨੇ ਗੁਰਚਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੇਜਰ ਸਿੰਘ, ਸਰਬਜੀਤ ਕੌਰ, ਰਾਮ ਸਿੰਘ ਤੇ ਲਛਮਣ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।