ਆਤਿਸ਼ ਗੁਪਤਾ
ਚੰਡੀਗੜ੍ਹ, 27 ਅਕਤੂਬਰ
ਪੰਜਾਬ ਦਾ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਸੂਬੇ ਵਿੱਚ ਜਿੱਥੇ ਰਾਤ ਨੂੰ ਠੰਢ ਵਧ ਗਈ ਹੈ, ਉਥੇ ਦਿਨ ’ਚ ਗਰਮੀ ਜਾਰੀ ਹੈ। ਮੌਸਮ ਵਿਭਾਗ ਨੇ ਅਗਲਾ ਹਫ਼ਤਾ ਮੌਸਮ ਸਾਫ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਰਾਤ ਸਮੇਂ ਠੰਢੀਆਂ ਹਵਾਵਾਂ ਚੱਲ ਸਕਦੀਆਂ ਹਨ, ਜਿਸ ਕਾਰਨ ਸੂਬੇ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ। ਇਸ ਦੇ ਨਾਲ ਹੀ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਰਾਹਤ ਵੀ ਮਿਲ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਗੁਰਦਾਸਪੁਰ ਸ਼ਹਿਰ ਵਿੱਚ ਸਭ ਤੋਂ ਘੱਟ ਅਤੇ ਬਠਿੰਡਾ ਏਅਰਪੋਰਟ ’ਤੇ ਸੱਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ। ਗੁਰਦਾਸਪੁਰ ਵਿੱਚ ਘੱਟ ਤੋਂ ਘੱਟ ਤਾਪਮਾਨ 14.7 ਡਿਗਰੀ ਸੈਲਸੀਅਸ ਅਤੇ ਬਠਿੰਡਾ ਏਅਰਪੋਰਟ ’ਤੇ ਵੱਧ ਤੋਂ ਵੱਧ ਤਾਪਮਾਨ 36.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 18.9 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 17.4, ਲੁਧਿਆਣਾ ’ਚ 17.4, ਪਟਿਆਲਾ ’ਚ 19.2, ਪਠਾਨਕੋਟ ਵਿੱਚ 16.6 ਡਿਗਰੀ ਸੈਲਸੀਅਸ, ਬਠਿੰਡਾ ’ਚ 16.4, ਫਰੀਦਕੋਟ ’ਚ 19, ਨਵਾਂ ਸ਼ਹਿਰ ’ਚ 17.4, ਬਰਨਾਲਾ ’ਚ 17.8, ਫਤਹਿਗੜ੍ਹ ਸਾਹਿਬ ’ਚ 18, ਫਿਰੋਜ਼ਪੁਰ ’ਚ 17.3, ਜਲੰਧਰ ’ਚ 16.7, ਮੋਗਾ ’ਚ 17, ਮੁਹਾਲੀ ’ਚ 20.5 ਅਤੇ ਰੋਪੜ ’ਚ 17.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।
ਪੰਜਾਬ ਵਿੱਚ ਹਵਾ ਪ੍ਰਦੂਸ਼ਣ ਵਧਿਆ
ਪੰਜਾਬ ਵਿੱਚ ਦੀਵਾਲੀ ਤੋਂ ਪਹਿਲਾਂ ਹੀ ਹਵਾ ਪ੍ਰਦੂਸ਼ਣ ਵਧ ਗਿਆ ਹੈ। ਇਸ ਕਾਰਨ ਲੋਕਾਂ ਨੂੰ ਸਾਹ ਲੈਣ ਅਤੇ ਅੱਖਾਂ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਪਰਾਲੀ ਸਾੜੇ ਜਾਣ ਕਾਰਨ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਪਟਾਕੇ ਚੱਲਣ ਕਰ ਕੇ ਹਵਾ ਦੀ ਗੁਣਵੱਤਾ ਹੋਰ ਨਿੱਘਰ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਲੰਧਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 178, ਅਬੋਹਰ ਦਾ 113, ਅੰਮ੍ਰਿਤਸਰ ਦਾ 168, ਖੇਮਕਰਨ ਦਾ 154, ਲੁਧਿਆਣਾ ਦਾ 154, ਮਲੌਟ ਦਾ 116, ਪਠਾਨਕੋਟ ਦਾ 133 ਅਤੇ ਪਟਿਆਲਾ ਦਾ ਏਕਿਊਆਈ 161 ਦਰਜ ਕੀਤਾ ਗਿਆ ਹੈ।