ਪੱਤਰ ਪ੍ਰੇਰਕ
ਚੰਡੀਗੜ੍ਹ, 22 ਮਈ
ਪੰਜਾਬ ਵਿਚਲੇ ਡੀਸੀ ਦਫ਼ਤਰ ਕਾਮੇ ਆਪਣੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਸਰਕਾਰ ਖ਼ਿਲਾਫ਼ ਰੋਹ ਦਾ ਪ੍ਰਗਟਾਵਾ ਕਰਨ ਲਈ 24 ਅਤੇ 25 ਮਈ ਦੀ ਦੋ ਦਿਨਾਂ ਸਮੂਹਿਕ ਛੁੱਟੀ ’ਤੇ ਚਲੇ ਗਏ ਹਨ। ‘ਦਿ ਪੰਜਾਬ ਸਟੇਟ ਡਿਸਟ੍ਰਿਕਟ ਡੀਸੀ ਆਫਿਸ ਐਂਪਲਾਈਜ਼ ਯੂਨੀਅਨ’ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਚੇਅਰਮੈਨ ਓਮ ਪ੍ਰਕਾਸ਼ ਸਿੰਘ, ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਕੁਮਾਰ, ਖਜ਼ਾਨਚੀ ਸਤਬੀਰ ਸਿੰਘ, ਪੀਐੱਸਐੱਮਐੱਸਯੂ ਤੋਂ ਸੂਬਾ ਚੇਅਰਮੈਨ ਮੇਘ ਸਿੰਘ ਸਿੱਧੂ ਨੇ ਦੱਸਿਆ ਕਿ 24 ਤੇ 25 ਮਈ ਨੂੰ ਸਮੂਹਿਕ ਛੁੱਟੀ ਦੌਰਾਨ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਸਿਰਫ਼ ਕੋਵਿਡ-19 ਨਾਲ ਸਬੰਧਤ ਆਨਲਾਈਨ ਕੰਮ ਹੀ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮ ਵਿਰੋਧੀ ਕਾਨੂੰਨਾਂ ਦੇ ਜਾਰੀ ਪੱਤਰ ਅਤੇ ਪੁਨਰਗਠਨ ਦੇ ਨਾਂ ’ਤੇ ਅਸਾਮੀਆਂ ਵਿੱਚ ਲਗਾਏ ਕੱਟ ਵਾਪਸ ਲਏ ਜਾਣ।