ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਅਕਤੂਬਰ
ਕਿਸਾਨ ਅੰਦੋਲਨ ਤਹਿਤ ਕਰੀਬ ਦੋ ਹਫ਼ਤੇ ਪਹਿਲਾਂ ਬੇਨੜਾ ਰਿਲਾਇੰਸ ਪੰਪ ’ਤੇ ਰੋਸ ਧਰਨੇ ਦੌਰਾਨ ਕਿਸਾਨ ਮੇਘ ਰਾਜ ਨਾਗਰੀ ਦੀ ਹੋਈ ਮੌਤ ਮਗਰੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਟੀ ਚੁੱਪ ਕਾਰਨ ਮ੍ਰਿਤਕ ਕਿਸਾਨ ਦਾ ਅਜੇ ਤੱਕ ਸਸਕਾਰ ਨਹੀਂ ਹੋ ਸਕਿਆ। ਪ੍ਰਸ਼ਾਸਨ ਦੇ ਇਸ ਵਤੀਰੇ ਤੋਂ ਖਫ਼ਾ ਅੱਜ ਹਜ਼ਾਰਾਂ ਕਿਸਾਨਾਂ ਤੇ ਕਿਸਾਨ ਬੀਬੀਆਂ ਨੇ ਬੀਕੇਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ। ਡੀਸੀ ਕੰਪਲੈਕਸ ਦੇ ਮੁੱਖ ਗੇਟ ’ਤੇ ਕਿਸਾਨ ਬੀਬੀਆਂ ਡਟ ਗਈਆਂ, ਜਦੋਂ ਕਿ ਪਿਛਲੇ ਗੇਟ ’ਤੇ ਕਿਸਾਨ ਖੁਦ ਬੈਠ ਗਏ, ਜਿਸ ਕਾਰਨ ਕਰੀਬ ਚਾਰ ਘੰਟੇ ਨਾ ਕੋਈ ਅੰਦਰ ਦਾਖਲ ਹੋ ਸਕਿਆ ਅਤੇ ਨਾ ਹੀ ਕਿਸੇ ਨੂੰ ਬਾਹਰ ਨਿਕਲਣ ਦਿੱਤਾ।
ਬਾਅਦ ਦੁਪਹਿਰ ਕਰੀਬ ਸਵਾ ਇੱਕ ਵਜੇ ਘਿਰਾਓ ਦਾ ਪਤਾ ਲੱਗਦਿਆਂ ਹੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਆਪਣੀ ਸਰਕਾਰੀ ਗੱਡੀ ਤੇ ਸੁਰੱਖਿਆ ਕਰਮਚਾਰੀਆਂ ਸਮੇਤ ਜਿਉਂ ਹੀ ਪਿਛਲੇ ਗੇਟ ਰਾਹੀਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੇ ਡੀਸੀ ਨੂੰ ਘੇਰ ਲਿਆ ਅਤੇ ਮੁੜਨ ਲਈ ਮਜਬੂਰ ਕਰ ਦਿੱਤਾ। ਇਸ ਮਗਰੋਂ ਡੀਸੀ ਨੂੰ ਸੁਰੱਖਿਆ ਮੁਲਾਜ਼ਮਾਂ ਸਮੇਤ ਆਪਣੇ ਦਫ਼ਤਰ ਤੋਂ ਪੈਦਲ ਚੱਲ ਕੇ ਬਾਜ਼ਾਰ ਵਾਲੇ ਪਾਸੇ ਸਥਿਤ ਗੇਟ ਰਾਹੀਂ ਬਾਹਰ ਨਿਕਲਣਾ ਪਿਆ। ਬੀਕੇਯੂ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਬੀਤੀ 9 ਅਕਤੂਬਰ ਨੂੰ ਕਿਸਾਨ ਮੇਘ ਰਾਜ ਨਾਗਰੀ ਦੀ ਬੇਨੜਾ ਰਿਲਾਇੰਸ ਪੰਪ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਧਰਨੇ ਦੌਰਾਨ ਮੌਤ ਹੋ ਗਈ ਸੀ। ਉਸੇ ਦਿਨ ਤੋਂ ਕਿਸਾਨ ਮੇਘ ਰਾਜ ਦੀ ਦੇਹ ਸਿਵਲ ਹਸਪਤਾਲ ਧੂਰੀ ਵਿੱਚ ਪਈ ਹੈ, ਜਿਸ ਦਾ ਸਸਕਾਰ ਨਾ ਹੋਣ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਉਸੇ ਦਿਨ ਤੋਂ ਸੰਗਰੂਰ-ਧੂਰੀ ਮੁੱਖ ਸੜਕ ’ਤੇ ਬੇਨੜਾ ਵਿੱਚ ਆਵਾਜਾਈ ਠੱਪ ਕਰਕੇ ਰੋਸ ਧਰਨਾ ਚੱਲ ਰਿਹਾ ਸੀ ਪਰ ਸਰਕਾਰ ਤੇ ਪ੍ਰਸ਼ਾਸਨ ਦੇ ਕੰਨ ’ਤੇ ਜੂੰਅ ਨਹੀਂ ਸਰਕੀ। ਸਰਕਾਰ ਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਹੀ ਅੱਜ ਕਿਸਾਨਾਂ ਨੂੰ ਡੀਸੀ ਦਫ਼ਤਰ ਦੇ ਘਿਰਾਓ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਦਸ ਲੱਖ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਿਸਾਨ ਦੀ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਕਿਸਾਨ ਯੂਨੀਅਨ ਤੇ ਡਿਪਟੀ ਕਮਿਸ਼ਨਰ ਵਿਚਾਲੇ ਮੀਟਿੰਗ ਬੇਸਿੱਟਾ
ਇਸੇ ਦੌਰਾਨ ਬਾਅਦ ਦੁਪਹਿਰ ਕਿਸਾਨ ਯੂਨੀਅਨ ਦੇ ਵਫ਼ਦ ਅਤੇ ਡਿਪਟੀ ਕਮਿਸ਼ਨਰ ਵਿਚਕਾਰ ਮੀਟਿੰਗ ਹੋਈ, ਜੋ ਕਿ ਬੇਸਿੱਟਾ ਰਹੀ। ਮੀਟਿੰਗ ਮਗਰੋਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਐਲਾਨ ਕੀਤਾ ਕਿ ਭਲਕੇ 23 ਅਕਤੂਬਰ ਤੋਂ ਡੀਸੀ ਕੰਪਲੈਕਸ ਦਾ ਮੁੜ ਤਿੱਖੇ ਰੂਪ ਵਿੱਚ ਘਿਰਾਓ ਕਰਦਿਆਂ ਸੰਘਰਸ਼ ਤੇਜ਼ ਕੀਤਾ ਜਾਵੇਗਾ।