ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਜੂਨ
ਆਪਣੀਆਂ ਮੰਗਾਂ ਦੀ ਪੂਰਤੀ ਸਬੰਧੀ ਪਿਛਲੇ ਦਿਨੀਂ ਇੱਥੇ ਡੀਸੀ ਦਫ਼ਤਰ ਅੱਗੇ ਧਰਨਾ ਦੇਣ ਵਾਲੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਅੱਜ ਇਥੇ ਡੀਡੀਪੀਓ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੀਆਂ ਕਈ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹਨ ਅਤੇ ਕੁਝ ਮੱਦਾਂ ਸਬੰਧੀ ਤਾਂ ਅਧਿਕਾਰੀਆਂ ਨੇ ਲਿਖਤ ਵੀ ਦਿੱਤੀ। ਜਾਣਕਾਰੀ ਦਿੰਦਿਆਂ ਕਮੇਟੀ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੋੜਾਂ ਕਲਾਂ, ਧਰਮਪਾਲ ਨੂਰਖੇੜੀਆਂ ਅਤੇ ਗੁਰਪ੍ਰੀਤ ਫਤਿਹਗੜ੍ਹ ਛੰਨਾਂ ਦੱਸਿਆ ਕਿ ਉਨ੍ਹਾਂ ਦੀ ਮੰਗ ਸੀ ਕਿ ਬੌੜਾਂ ਕਲਾਂ ਦੀ ਪੰਚਾਇਤੀ ਜਮੀਨ ਵਿੱਚੋਂ ਦਲਿਤ ਪਰਿਵਾਰਾਂ ਨੂੰ ਜੋ ਜ਼ਮੀਨ ਚਕੌਤੇ ’ਤੇ ਦਿੱਤੀ ਜਾਂਦੀ ਹੈ, ਦੇ ਸਿਰਫ਼ ਵਾਹੀ ਯੋਗ ਜ਼ਮੀਨ ਦੇ ਹੀ ਪੈਸੇ ਭਰਵਾਏ ਜਾਣ। ਉਨ੍ਹਾਂ ਦੀ ਇਹ ਮੰਗ ਪ੍ਰਵਾਨ ਕਰ ਲਈ ਗਈ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਡਿਫਾਲਟਰ ਕਰਨ ਦੀਆਂ ਦਿੱਤੀਆਂ ਜਾਂਦੀਆਂ ਧਮਕੀਆਂ ਬੰਦ ਕਰਨ ਅਤੇ ਵਾਹੀ ਯੋਗ ਪੰਚਾਇਤੀ ਜ਼ਮੀਨ ਦੀ ਮਿਣਤੀ ਕਰਕੇ ਤੀਜਾ ਹਿੱਸਾ ਪੂਰੀ ਕਰਨ ਦੇ ਵੀ ਡੀਡੀਪੀਓ ਵੱਲੋਂ ਦਿੱਤੇ ਗਏ ਹਨ। ਇਸੇ ਤਰ੍ਹਾਂ ਫਤਿਹਗੜ੍ਹ ਛੰਨਾਂ ਦੀ ਪੰਚਾਇਤੀ ਜ਼ਮੀਨ ਵਿੱਚੋਂ ਰਿਜ਼ਰਵ ਜ਼ਮੀਨ ਦਾ ਰੇਟ ਘਟਾਊਣ ਸਬੰਧੀ ਵੀ ਸਬੰਧਤ ਬੀਡੀਪੀਓ ਨੂੰ ਹਦਾਇਤ ਕੀਤੀ ਗਈ।