ਇਕਬਾਲ ਸਿੰਘ ਸ਼ਾਂਤ
ਲੰਬੀ, 4 ਜੂਨ
ਨਸ਼ੇੜੀ ਨੂੰ ਸੁਧਾਰਨ ਲਈ ਲੰਮਾ ਪਾ ਕੇ ਕੁੱਟਣ ਦੀ ਵਾਇਰਲ ਹੋਈ ਵੀਡੀਓ ਨਾਲ ਚਰਚਾ ਵਿਚ ਆਏ ਘੁਮਿਆਰਾ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਘੁਮਿਆਰਾ ’ਤੇ ਪੁਰਾਣੀ ਰੰਜਿਸ਼ ਕਾਰਨ ਅੱਜ ਦੋ ਨੌਜਵਾਨਾਂ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਕੁਲਵੰਤ ਸਿੰਘ ਦੇ ਹੱਥ ’ਤੇ ਸੱਟ ਲੱਗੀ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਕੁਲਵੰਤ ਸਿੰਘ ਸਵੇਰੇ ਪਿੰਡ ਦੇ ਗੁਰਦੁਆਰੇ ਵਿਚ ਮੱਥਾ ਟੇਕ ਕੇ ਬਾਹਰ ਆ ਰਿਹਾ ਸੀ। ਉਸ ਨੂੰ ਕਮਿਊਨਿਟੀ ਸਿਹਤ ਕੇਂਦਰ ਲੰਬੀ ਵਿਖੇ ਲਿਜਾਇਆ ਗਿਆ।
ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਘੁਮਿਆਰਾ ਵਿਚ ਗੁਰਦੁਆਰੇ ਵਿਚੋਂ ਮੱਥਾ ਟੇਕ ਕੇ ਬਾਹਰ ਆਇਆ ਤਾਂ ਪਹਿਲਾਂ ਤੋਂ ਬਾਹਰ ਖੜ੍ਹੇ ਦੋ ਨੌਜਵਾਨਾਂ ਨੇ ਉਸ ’ਤੇ ਕਿਰਪਾਨ ਨਾਲ ਕਥਿਤ ਹਮਲਾ ਕਰ ਦਿੱਤਾ। ਉਸ ਨੇ ਚੌਕਸੀ ਨਾਲ ਅਚਾਨਕ ਆਪਣਾ ਹੱਥ ਮੂਹਰੇ ਕਰ ਦਿੱਤਾ ਅਤੇ ਕਿਰਪਾਨ ਉਸ ਦੇ ਸਿਰ ’ਤੇ ਵੱਜਣ ਦੀ ਥਾਂ ਹੱਥ ’ਤੇ ਲੱਗੀ। ਇਸ ਕਾਰਨ ਉਸ ਦੀ ਉਂਗਲੀ ਜ਼ਖ਼ਮੀ ਹੋ ਗਈ। ਉਸ ਨੇ ਆਖਿਆ ਕਿ ਪਿਛਲੇ ਦਿਨੀਂ ਇਕ ਨੌਜਵਾਨ ਵੱਲੋਂ ਕਿਸੇ ਦੇ ਘਰ ਵਿਚ ਵੜਨ ਦੇ ਮਾਮਲੇ ਦੀ ਪੁਲੀਸ ਚੌਕੀ ਵਿਚ ਉਸ (ਕੁਲਵੰਤ) ਵੱਲੋਂ ਪੈਰਵੀ ਕੀਤੀ ਗਈ ਸੀ। ਇਸੇ ਰੰਜਿਸ਼ ਤੇ ਵਾਇਰਲ ਵੀਡੀਓ ਵਾਲੇ ਨਸ਼ੇੜੀਆਂ ਵਾਲੀ ਘਟਨਾ ਕਾਰਨ ਹੀ ਉਸ ’ਤੇ ਹਮਲਾ ਹੋਇਆ ਹੈ। ਮੰਡੀ ਕਿੱਲਿਆਂਵਾਲੀ ਦੇ ਚੌਕੀ ਮੁਖੀ ਹਰਜੋਤ ਸਿੰਘ ਨੇ ਆਖਿਆ ਕਿ ਹਸਪਤਾਲ ਤੋਂ ਡਾਕਟਰੀ ਰਿਪੋਰਟ ਆ ਚੁੱਕੀ ਹੈ, ਜਿਸ ਵਿਚ ਕੁਲਵੰਤ ਸਿੰਘ ਦੇ ਕਿਸੇ ਤੇਜ਼ਧਾਰ ਹਥਿਆਰ ਨਾਲ ਸੱਟ ਵੱਜਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਨੇ ਖ਼ੁਦ ਨੂੰ ਅਜੇ ਬਿਆਨ ਦੇਣ ਲਈ ਅਣਫਿੱਟ ਦੱਸਿਆ ਹੈ। ਉਸ ਦੇ ਬਿਆਨਾਂ ਮਗਰੋਂ ਹੀ ਆਗਾਮੀ ਕਾਰਵਾਈ ਕੀਤੀ ਜਾਵੇਗੀ।