ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 20 ਜੁਲਾਈ
ਕਸਬਾ ਮੁੱਲਾਂਪੁਰ ਨੇੜੇ ਕਾਲਜ ਰੋਡ ’ਤੇ ਇਕ ਧਾਰਮਿਕ ਸਥਾਨ ਨੇੜੇ ਇੱਕ ਨੌਜਵਾਨ ਦੀ ਕਥਿਤ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਵਿਗੜੀ ਸਿਹਤ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਪਰ ਜਦੋਂ ਤੱਕ ਪੁਲੀਸ ਹਰਕਤ ਵਿੱਚ ਆਈ ਉਦੋਂ ਤੱਕ ਉਕਤ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਵੀਡੀਓ ਵਿੱਚ ਨੌਜਵਾਨ ਦੇ ਕੋਲ ਹੀ ਇੱਕ ਸਰਿੰਜ ਪਈ ਦਿਖਾਈ ਦੇ ਰਹੀ ਹੈ, ਜੋ ਉਸ ਵੱਲੋਂ ਨਸ਼ੇ ਵਾਲਾ ਟੀਕਾ ਲਗਾਏ ਜਾਣ ਦੀ ਪੁਸ਼ਟੀ ਕਰਦੀ ਹੈ। ਨੌਜਵਾਨ ਦੀ ਪਛਾਣ ਪਵਨਦੀਪ ਸਿੰਘ ਵਾਸੀ ਪਿੰਡ ਕਮਾਲਪੁਰਾ (ਹਾਲ ਵਾਸੀ ਕਾਲਜ ਰੋਡ ਪਿੰਡ ਦਾਖਾ) ਵਜੋਂ ਹੋਈ ਹੈ, ਜੋ ਪਾਵਰ ਕਾਰਪੋਰੇਸ਼ਨ ਦੇ ਸਥਾਨਕ ਗਰਿੱਡ ਉੱਪਰ ਸਬ-ਸਟੇਸ਼ਨ ਸਹਾਇਕ ਵਜੋਂ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਭਰਾ ਗਗਨਦੀਪ ਹੰਸਰਾ ਨੇ ਦੱਸਿਆ ਕਿ ਪਵਨਦੀਪ ਦੀ ਕੁਝ ਸਮਾਂ ਪਹਿਲਾਂ ਹੀ ਨੌਕਰੀ ਲੱਗੀ ਸੀ।