ਗੁਰਨਾਮ ਸਿੰਘ ਚੌਹਾਨ
ਪਾਤੜਾਂ, 10 ਅਗਸਤ
ਪਿੰਡ ਭੂਤਗੜ੍ਹ ਦੇ ਨੌਜਵਾਨ ਦੀ ਪੁਲੀਸ ਹਿਰਾਸਤ ਵਿਚ ਹੋਈ ਮੌਤ ਮਗਰੋਂ ਚੱਲ ਰਿਹਾ ਸੰਘਰਸ਼ ਅੱਜ ਵੀ ਜਾਰੀ ਰਿਹਾ। ਅੱਜ ਦੁਪਹਿਰ ਵੇਲੇ ਹੋਈ ਬਰਸਾਤ ਕਾਰਨ ਭਾਵੇਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸਰਵਿਸ ਰੋਡ ਉੱਤੇ ਥਾਣਾ ਸਦਰ ਪਾਤੜਾਂ ਸਾਹਮਣੇ ਦਿੱਤੇ ਜਾ ਰਹੇ ਧਰਨੇ ਵਾਲੀ ਥਾਂ ’ਤੇ ਪਾਣੀ ਭਰ ਗਿਆ ਪਰ ਧਰਨਾਕਾਰੀ ਮੈਦਾਨ ਵਿਚ ਡਟੇ ਰਹੇ।
ਇਸ ਦੌਰਾਨ ਸੰਘਰਸ਼ ਕਮੇਟੀ ਦੇ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਕਿਹਾ ਕਿ ਸੰਘਰਸ਼ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਉਦੇਸ਼ ਨਾਲ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਦਕਿ ਪਰਿਵਾਰ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਆਗੂਆਂ ਨੇ ਪ੍ਰਸ਼ਾਸਨ ਵੱਲੋਂ ਅਪਣਾਏ ਜਾ ਰਹੇ ਢਿੱਲੇ ਰਵੱਈਏ ਕਾਰਨ ਬੁੱਧਵਾਰ 12 ਅਗਸਤ ਨੂੰ ਥਾਣਾ ਸਦਰ ਪਾਤੜਾਂ ਸਾਹਮਣੇ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਹਰਭਜਨ ਸਿੰਘ ਧੂਹੜ, ਕਾਮਰੇਡ ਜਗਜੀਤ ਸਿੰਘ, ਰਾਮਚੰਦ ਚੁਨਾਗਰਾ, ਸਾਬਕਾ ਸਰਪੰਚ ਬੁੱਢਾ ਸਿੰਘ, ਸਾਹਿਬ ਸਿੰਘ ਆਦਿ ਨੇ ਸੰਬੋਧਨ ਕੀਤਾ।
ਕਿਸਾਨ ਯੂਨੀਅਨ ਵੱਲੋਂ ਜੁਡੀਸ਼ਲ ਜਾਂਚ ਦੀ ਮੰਗ
ਬੀਰਬਲ ਸਿੰਘ ਦੀ ਪੁਲੀਸ ਹਿਰਾਸਤ ਵਿਚ ਹੋਈ ਮੌਤ ਦਾ ਮਾਮਲਾ ਉਸ ਸਮੇਂ ਹੋਰ ਗਰਮਾ ਗਿਆ ਜਦੋਂ ਥਾਣਾ ਸਦਰ ਪਾਤੜਾਂ ਸਾਹਮਣੇ ਇਨਸਾਫ਼ ਦੀ ਮੰਗ ਲਈ ਚੱਲ ਰਹੇ ਧਰਨੇ ਦੇ ਉਲਟ ਕੁਝ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਡੀਐੱਸਪੀ ਪਾਤੜਾਂ ਭਰਪੂਰ ਸਿੰਘ ਅਤੇ ਨਾਇਬ ਤਹਿਸੀਲਦਾਰ ਰਾਜਵਰਿੰਦਰ ਸਿੰਘ ਧਨੋਆ ਨੂੰ ਮੰਗ ਪੱਤਰ ਦੇ ਕੇ ਮਾਮਲੇ ਦੀ ਜੁਡੀਸ਼ਲ ਜਾਂਚ ਦੀ ਮੰਗ ਕੀਤੀ। ਮੰਗ ਪੱਤਰ ਸੌਂਪਣ ਮਗਰੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਭੁੱਲਰ ਅਤੇ ਕੁਲਦੀਪ ਸਿੰਘ ਨੇ ਕਿਹਾ ਕਿ ਪੁਲੀਸ ਰਿਮਾਂਡ ਦੌਰਾਨ ਬੀਰਬਲ ਸਿੰਘ ਦੀ ਮੌਤ ਕੁਦਰਤੀ ਹਾਦਸਾ ਹੈ। ਜੇ ਕਿਸੇ ਨਿਰਦੋਸ਼ ਪੁਲੀਸ ਕਰਮਚਾਰੀ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ ਤਾਂ ਇਸ ਨਾਲ ਪੁਲੀਸ ਕਰਮਚਾਰੀਆਂ ਦਾ ਮਨੋਬਲ ਡਿੱਗੇਗਾ।