ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਕਤੂਬਰ
ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਹਜ਼ਾਰਾਂ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਦਿਨ-ਰਾਤ ਦਾ ਪੱਕਾ ਮੋਰਚਾ ਲਗਾ ਕੇ ਕੀਤੇ ਮੁਕੰਮਲ ਘਿਰਾਓ ਕਾਰਨ ਲਗਾਤਾਰ ਅੱਜ ਅੱਠਵੇਂ ਦਿਨ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਫ਼ਤਰ ਨਸੀਬ ਨਾ ਹੋਏ। ਅਧਿਕਾਰੀਆਂ ਅਤੇ ਮੁਲਾਜ਼ਮਾਂ ਤੋਂ ਬਗੈਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਥਿਤ ਡੀਸੀ, ਏਡੀਸੀ, ਐੱਸਡੀਐੱਮ, ਤਹਿਸੀਲਦਾਰ, ਸਿਵਲ ਸਰਜਨ, ਡੀਐਸਪੀ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਦਰਜਨਾਂ ਦਫ਼ਤਰ ਸੁੰਨੇ ਪਏ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਤਿੰਨੋਂ ਮੁੱਖ ਗੇਟਾਂ ’ਤੇ ਬੈਠੇ ਪ੍ਰਦਰਸ਼ਨਕਾਰੀ ਮ੍ਰਿਤਕ ਕਿਸਾਨ ਮੇਘ ਰਾਜ ਨਾਗਰੀ ਦੇ ਪਰਿਵਾਰ ਨੂੰ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ੀ ਦੀ ਮੰਗ ’ਤੇ ਅੜੇ ਹੋਏ ਹਨ।
ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਦਰਬਾਬਾ ਸਿੰਘ ਛਾਜਲਾ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਜਦੋਂ ਤੱਕ ਤਿੰਨੋਂ ਮੰਗਾਂ ਮਨਜ਼ੂਰ ਨਹੀਂ ਹੁੰਦੀਆਂ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘਿਰਾਓ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬੀਤੀ 9 ਅਕਤੂਬਰ ਤੋਂ ਮ੍ਰਿਤਕ ਕਿਸਾਨ ਮੇਘ ਰਾਜ ਨਾਗਰੀ ਦੀ ਦੇਹ ਸਿਵਲ ਹਸਪਤਾਲ ਧੂਰੀ ਪਈ ਹੈ। ਯੂਨੀਅਨ ਦਾ ਫ਼ੈਸਲਾ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਮ੍ਰਿਤਕ ਕਿਸਾਨ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਮੇਘ ਰਾਜ ਨਾਗਰੀ ਖੇਤੀ ਬਿਲਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦਾ ਸ਼ਹੀਦ ਹੈ।
ਚੰਡੀਗੜ੍ਹ ਮੀਟਿੰਗ ਦੌਰਾਨ ਮਸਲਾ ਜਲਦੀ ਹੱਲ ਕਰਨ ਦਾ ਭਰੋਸਾ ਮਿਲਿਆ
ਉਧਰ ਅੱਜ ਚੰੰਡੀਗੜ੍ਹ ਵਿੱਚ ਕਿਸਾਨ ਜਥੇਬੰਦੀ ਦੇ ਵਫ਼ਦ ਦੀ ਸਰਕਾਰ ਦੀ ਕਮੇਟੀ ਨਾਲ ਮੀਟਿੰਗ ਹੋਈ, ਜਿਸ ਵਿੱਚ ਸਰਕਾਰ ਵੱਲੋਂ ਜਲਦੀ ਮਸਲਾ ਹੱਲ ਦਾ ਭਰੋਸਾ ਦਿੱਤਾ ਗਿਆ। ਯੂਨੀਅਨ ਦੇ ਕਾਰਜਕਾਰੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਜਥੇਬੰਦੀ ਦੇ ਸੂਬਾਈ ਵਫ਼ਦ ਦੀ ਪੰਜਾਬ ਸਰਕਾਰ ਵੱਲੋਂ ਮੰਤਰੀਆਂ ਦੀ ਬਣਾਈ ਕਮੇਟੀ ਨਾਲ ਮੀਟਿੰਗ ਹੋਈ ਹੈ, ਜਿਸ ਵਿੱਚ ਸ਼ਹੀਦ ਕਿਸਾਨ ਪਰਿਵਾਰਾਂ ਲਈ ਮੁਆਵਜ਼ਾ ਆਦਿ ਮੰਗਾਂ ’ਤੇ ਚਰਚਾ ਹੋਈ ਅਤੇ ਸਰਕਾਰ ਵੱਲੋਂ ਮਾਮਲਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।