ਪੱਤਰ ਪ੍ਰੇਰਕ
ਭੁੱਚੋ ਮੰਡੀ, 5 ਜੁਲਾਈ
ਸ੍ਰੀ ਅਮਰਨਾਥ ਯਾਤਰਾ ’ਤੇ ਗਏ ਭੁੱਚੋ ਮੰਡੀ ਦੇ 28 ਸਾਲਾ ਨੌਜਵਾਨ ਨਿਖਿਲ ਗੁਪਤਾ ਪੁੱਤਰ ਸ਼ੰਕਰ ਕੁਮਾਰ ਦੀ ਮੌਤ ਹੋ ਗਈ। ਉਸ ਨੇ 4 ਜੁਲਾਈ ਨੂੰ ਯਾਤਰਾ ਸ਼ੁਰੂ ਕੀਤੀ ਸੀ। ਇਸ ਦੌਰਾਨ ਪਿਸੂ ਟੌਪ ਨੇੜੇ ਅਚਾਨਕ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ, ਜਿਸ ਕਰ ਕੇ ਉਸ ਦੀ ਮੌਤ ਹੋ ਗਈ। ਜੰਮੂ ਵਿੱਚ ਯਾਤਰੀਆਂ ਲਈ ਭੰਡਾਰਾ ਲਗਾਈ ਬੈਠੇ ਨੀਲ ਕੰਠ ਅਮਰਨਾਥ ਸੇਵਾ ਸਮਿਤੀ ਭੁੱਚੋ ਮੰਡੀ ਦੇ ਮੁਖੀ ਪਵਨ ਭੋਲਾ, ਜਨਰਲ ਸਕੱਤਰ ਅਸ਼ਵਨੀ ਕੁਮਾਰ ਅਤੇ ਸ਼ਿਵ ਸੇਵਾ ਸੰਘ ਬਰਨਾਲਾ ਦੇ ਮੁਖੀ ਸੋਮਨਾਥ ਨੇ ਸ਼ਰਾਇਨ ਬੋਰਡ ਦੇ ਸਹਿਯੋਗ ਨਾਲ ਨੌਜਵਾਨ ਦੀ ਦੇਹ ਨੂੰ ਭੁੱਚੋ ਮੰਡੀ ਭੇਜਣ ਦਾ ਪ੍ਰਬੰਧ ਕੀਤਾ ਹੈ। ਨੀਲਕੰਠ ਅਮਰਨਾਥ ਸੇਵਾ ਸਮਿਤੀ ਅਤੇ ਮੰਡੀ ਵਾਸੀਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।