ਪੱਤਰ ਪ੍ਰੇਰਕ
ਲਾਲੜੂ, 11 ਜੁਲਾਈ
ਥਾਣਾ ਹੰਡੇਸਰਾ ਅਧੀਨ ਆਉਂਦੇ ਪਿੰਡ ਭੁੱਖੜੀ ਵਿੱਚ ਭਾਜਪਾ ਮੰਡਲ ਹੰਡੇਸਰਾ ਦੇ ਪ੍ਰਧਾਨ ਰਣਦੀਪ ਸਿੰਘ ਰਾਣਾ (45) ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਰਣਦੀਪ ਸਿੰਘ ਉਰਫ ਕਾਕਾ ਪੁੱਤਰ ਮਹੀਪਾਲ ਸਿੰਘ ਵਾਸੀ ਪਿੰਡ ਭੁੱਖੜੀ ਅੱਜ ਸਵੇਰੇ ਖੇਤਾਂ ’ਚ ਮੋਟਰ ਨੇੜਿਓਂ ਪਾਣੀ ’ਚੋਂ ਲੰਘ ਰਿਹਾ ਸੀ ਕਿ ਅਚਾਨਕ ਪਾਣੀ ਵਿੱਚ ਕਰੰਟ ਆਉਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੋਟਰ ਨੇੜੇ ਕੰਮ ਕਰਦੇ ਉਸ ਦੇ ਲੜਕੇ ਅਤੇ ਮਜ਼ਦੂਰਾਂ ਨੇ ਟਰਾਂਸਫਾਰਮਰ ਤੋਂ ਬਿਜਲੀ ਕੱਟ ਕੇ ਉਸਨੂੰ ਤੁਰੰਤ ਸਿਵਲ ਹਸਪਤਾਲ ਡੇਰਾਬੱਸੀ ਲਿਆਂਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਦੇ ਪੁੱਤਰ ਦਿਗਵਿਜੈ ਸਿੰਘ ਦੇ ਬਿਆਨ ’ਤੇ 174 ਤਹਿਤ ਕਾਰਵਾਈ ਕਰ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।