ਰਮਨਦੀਪ ਸਿੰਘ
ਚਾਉਕੇ, 11 ਜੂਨ
ਪਿੰਡ ਚਾਉਕੇ ਦੇ ਕਬੱਡੀ ਕੋਚ ਹਰਵਿੰਦਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਪਿੰਡ ਵਾਸੀਆਂ ਨੇ ਇਨਸਾਫ਼ ਲੈਣ ਲਈ ਚੰਡੀਗੜ੍ਹ-ਬਠਿੰਡਾ ਮੁੱਖ ਸੜਕ ’ਤੇ ਸਦਰ ਥਾਣਾ ਰਾਮਪੁਰਾ ਦੇ ਗੇਟ ਅੱਗੇ ਅੱਜ ਦੂਜੇ ਦਿਨ ਵੀ ਧਰਨਾ ਜਾਰੀ ਰੱਖਿਆ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਕਾਕਾ ਸਿੰਘ, ਬਲਵਿੰਦਰ ਸਿੰਘ ਜੇਠੂਕੇ, ਤੀਰਥ ਸਿੰਘ ਅਤੇ ਮੋਠਾ ਸਿੰਘ ਨੇ ਦੱਸਿਆ ਕਿ ਕਰੀਬ 17 ਦਿਨ ਪਹਿਲਾਂ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਦੀ ਕੁੱਟਮਾਰ ਹੋਈ ਸੀ ਅਤੇ ਦੋ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ। ਇਸ ਸਬੰਧੀ ਨਾ ਤਾਂ ਹਾਲੇ ਪੁਲੀਸ ਨੇ ਮੁੱਖ ਮੁਲਜ਼ਮ ਗ੍ਰਿਫ਼ਤਾਰ ਕੀਤੇ ਅਤੇ ਨਾ ਹੀ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਗਿਆ। ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਲੋਕਾਂ ਨੂੰ ਇਨਸਾਫ਼ ਲੈਣ ਲਈ ਸੜਕਾਂ ਅਤੇ ਥਾਣੇ ਘੇਰਨੇ ਪੈ ਰਹੇ ਹਨ। ਇਸ ਮੌਕੇ ਬੁਲਾਰਿਆਂ ਨੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਨਸ਼ਿਆਂ ਦੀ ਵਿਕਰੀ ਜ਼ੋਰਾਂ ’ਤੇ ਹੋਣ ਕਾਰਨ ਨਸ਼ਾ ਤਸਕਰਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ।
ਚਾਉਕੇ ਚੌਕੀ ਦੇ ਸਾਰੇ ਸਟਾਫ ਦੀ ਬਦਲੀ
ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉੱਚ ਅਧਿਕਾਰੀਆਂ ਨੇ ਚਾਉਕੇ ਚੌਕੀ ਦੇ ਸਾਰੇ ਸਟਾਫ਼ ਦੀ ਬਦਲੀ ਕਰ ਦਿੱਤੀ ਹੈ।
ਚਾਉਕੇ ਘਟਨਾ ਮੁਰਗਿਆਂ ਦੀ ਚੋਰੀ ਨਾਲ ਜੁੜੀ: ਐੱਸਐੱਸਪੀ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪੁਲੀਸ ਕਪਤਾਨ ਭੁਪਿੰਦਰਜੀਤ ਸਿੰਘ ਵਿਰਕ ਨੇ ਚਉਕੇ ਵਾਰਦਾਤ ਨੂੰ ਨਸ਼ਾ ਤਸਕਰਾਂ ਵੱਲੋਂ ਕੀਤਾ ਹਮਲਾ ਦੱਸਣ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਦਰਅਸਲ ਇਹ ਮਾਮਲਾ ਮੁਰਗਿਆਂ ਦੀ ਚੋਰੀ ਦਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ’ਚ ਮਾਰੇ ਗਏ ਹਰਵਿੰਦਰ ਸਿੰਘ ਦੇ ਚਾਚਾ ਲੱਖਾ ਸਿੰਘ ਨੇ 26 ਮਈ ਨੂੰ ਪੁਲੀਸ ਚੌਕੀ ਚਾਉਕੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਗਗਨਾ ਅਤੇ ਉਸ ਦੇ ਭਰਾ ਬੱਬੂ ਨੇ ਉਸ ਦੇ ਮੁਰਗੇ ਚੋਰੀ ਕੀਤੇ ਹਨ। ਇਸ ਮਗਰੋਂ 26 ਮਈ ਦੀ ਸ਼ਾਮ ਨੂੰ ਹੋਈ ਲੜਾਈ ’ਚ ਇਕ ਧਿਰ ਦੇ ਛੇ ਵਿਅਕਤੀ ਜ਼ਖ਼ਮੀ ਹੋ ਗਏ। ਮਰਹੂਮ ਹਰਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਹ ਆਪਣੇ ਚਾਚੇ ਲੱਖਾ ਸਿੰਘ ਦੀ ਮਦਦ ਕਰਦਾ ਹੋਣ ਕਰਕੇ ਦੂਜੀ ਧਿਰ ਉਸ ’ਤੇ ਖ਼ਾਰ ਖਾਂਦੀ ਸੀ। ਇਸੇ ਗੱਲ ਨੂੰ ਲੈ ਕੇ ਉਸ ਅਤੇ ਉਸ ਦੇ ਸਾਥੀਆਂ ’ਤੇ ਹਮਲਾ ਕੀਤਾ ਗਿਆ।