ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਫਰਵਰੀ
ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੱਦਾਂ ’ਤੇ ਵਿੱਢੇ ਗਏ ਸੰਘਰਸ਼ ਵਿੱਚ ਹਿੱਸਾ ਲੈਣ ਗਏ ਗੁਰੂ ਤੇਗ ਬਹਾਦਰ ਨਗਰ ਲਹਿਲ ਕਲਾਂ ਦੇ ਕਿਸਾਨ ਗਮਦੂਰ ਸਿੰਘ (65) ਦੀ ਬੀਤੀ ਰਾਤ ਬਿਮਾਰ ਹੋਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਸਬੰਧਤ ਗਮਦੂਰ ਸਿੰਘ 26 ਨਵੰਬਰ ਨੂੰ ਸੰਘਰਸ਼ ਵਿੱਚ ਸ਼ਾਮਲ ਹੋ ਗਿਆ ਸੀ। 14 ਜਨਵਰੀ ਨੂੰ ਉਹ ਬਿਮਾਰ ਹੋ ਗਿਆ ਤੇ 18 ਨੂੰ ਉਸ ਨੂੰ ਪਿੰਡ ਲਿਆ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਦੀ ਬੀਤੀ ਰਾਤ ਮੌਤ ਹੋ ਗਈ। ਅੱਜ ਸਵੇਰੇ ਪਿੰਡ ਗੁਰੂ ਤੇਗ ਬਹਾਦਰ ਨਗਰ ਲਹਿਲ ਕਲਾਂ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਸਰਪੰਚ ਬਲਜੀਤ ਸਿੰਘ ਸਰਾਓ, ਅਵਤਾਰ ਸਿੰਘ ਜੱਗੀ, ‘ਆਪ’ ਆਗੂ ਚਮਕੌਰ ਸਿੰਘ ਸਰਾਓ, ਪਾਲ ਸਿੰਘ ਅਤੇ ਹੋਰ ਮੋਹਤਬਰਾਂ ਨੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਘਲੋਟੀ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਪਾਇਲ (ਦੇਵਿੰਦਰ ਸਿੰਘ ਜੱਗੀ): ਟਿਕਰੀ ਹੱਦ ’ਤੇ ਡਟੇ ਪਿੰਡ ਘਲੋਟੀ (ਪਾਇਲ) ਦੇ ਕਿਸਾਨ ਮਨਮੋਹਣ ਸਿੰਘ (65) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਤੇ ਪਰਮਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਮਨਮੋਹਣ ਸਿੰਘ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀ ਨਾਲ ਜੁੜਿਆ ਹੋਇਆ ਸੀ। ਅੱਜ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਘੁਡਾਣੀ ਨੇ ਦੱਸਿਆ ਕਿ ਮਨਮੋਹਣ ਸਿੰਘ ਦਾ ਸਸਕਾਰ ਭਲਕੇ 9 ਫਰਵਰੀ ਨੂੰ ਪਿੰਡ ਘਲੋਟੀ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।