ਸਤਵਿੰਦਰ ਬਸਰਾ
ਲੁਧਿਆਣਾ, 25 ਜਨਵਰੀ
ਆਪਣੀ ਅਰਥ ਭਰਪੂਰ ਗਾਇਕੀ ਕਰਕੇ ਪੂਰੀ ਦੁਨੀਆਂ ਵਿੱਚ ਨਾਮਣਾ ਖੱਟਣ ਵਾਲੇ ਉੱਘੇ ਗੀਤਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲਾ ਦਾ ਅੱਜ ਦੇਹਾਂਤ ਹੋ ਗਿਆ। ਦੇਵ ਥਰੀਕੇ ਵਾਲਾ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹੋਣ ਕਾਰਨ ਸਥਾਨਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਸਨ। ਦੇਰ ਸ਼ਾਮ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਥਰੀਕੇ ਵਿੱਚ ਕੀਤਾ ਗਿਆ। ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨ ਦੀ ਰਸਮ ਉਨ੍ਹਾਂ ਦੇ ਪੁੱਤਰ ਜਗਵੰਤ ਸਿੰਘ ਨੇ ਨਿਭਾਈ। ਇਸ ਮੌਕੇ ਵੱਖ-ਵੱਖ ਸਾਹਿਤਕ, ਕਲਾਕਾਰ ਜਥੇਬੰਦੀਆਂ ਵੱਲੋਂ ਥਰੀਕੇ ਵਾਲਾ ਦੀ ਦੇਹ ’ਤੇ ਦੋਸ਼ਾਲੇ ਪਾਏ ਗਏ ਅਤੇ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਤੇ ਪੰਜਾਬੀ ਗੀਤਕਾਰੀ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਦੇਵ ਥਰੀਕੇ ਵਾਲਾ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੰਸਥਾ ਸੀ, ਜਿਸ ਨੇ ਪੂਰੀਆਂ ਚਾਰ ਸਦੀਆਂ ਆਪਣੇ ਸ਼ਬਦਾਂ ਰਾਹੀਂ ਲੋਕਾਂ ਦੇ ਦਿਨਾਂ ’ਤੇ ਰਾਜ ਕੀਤਾ। ਇਸ ਮੌਕੇ ‘ਆਪ’ ਆਗੂ ਭਗਵੰਤ ਮਾਨ ਤੇ ਪੰਜਾਬੀ ਗਾਇਕ ਮਲਕੀਤ ਸਿੰਘ ਨੇ ਫੋਨ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇਵ ਥਰੀਕੇ ਵਾਲੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੀਆਂ ਸਖਸ਼ੀਅਤਾਂ ਵਿੱਚ ਸੰਸਦ ਮੈਂਬਰ ਮੁਹੰਮਦ ਸਦੀਕ, ਵਿਧਾਇਕ ਕੁਲਦੀਪ ਵੈਦ, ਦਰਸ਼ਨ ਸਿੰਘ ਸ਼ਿਵਾਲਕ, ਗਾਇਕ ਸੁਰਿੰਦਰ ਛਿੰਦਾ, ਪੰਜਾਬ ਕਲਾ ਪ੍ਰੀਸ਼ਦ ਵੱਲੋਂ ਡਾ. ਨਿਰਮਲ ਜੌੜਾ, ਬਲਵੀਰ ਬੋਪਾਰਾਏ ਸ਼ਾਮਲ ਹਨ। ਪੰਜਾਬੀ ਸੱਥ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬੀ ਸਾਹਿਤ ਅਕਾਦਮੀ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਵੱਲੋਂ ਵੀ ਹਰਦੇਵ ਦਿਲਗੀਰ ਦੇ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਡਾ. ਸੁਰਜੀਤ ਪਾਤਰ ਤੇ ਡਾ. ਸੁਖਦੇਵ ਸਿੰਘ ਸਿਰਸਾ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।