ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 18 ਸਤੰਬਰ
ਇਥੋਂ ਨੇੜਲੇ ਕਾਲਾ ਬਹੀਆਂ ਵਿੱਚ ਕੰਧ ਉਸਾਰੀ ਮੌਕੇ ਦੋ ਪਰਿਵਾਰਾਂ ਵਿਚਕਾਰ ਹੋਏ ਝਗੜੇ ਦੌਰਾਨ ਦਲਿਤ ਪਰਿਵਾਰ ਨਾਲ ਸਬੰਧਤ ਮਿਸਤਰੀ ਸੁਖਦੇਵ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪੱਤੜ ਖੁਰਦ ਦੀ ਮੌਤ ਹੋ ਗਈ ਸੀ। ਪੀੜਤ ਪਰਿਵਾਰ 11 ਦਿਨ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ। ਪਰਿਵਾਰ ਨੇ ਹਾਲੇ ਤੱਕ ਸੁਖਦੇਵ ਸਿੰਘ ਦਾ ਸਸਕਾਰ ਨਹੀਂ ਕੀਤਾ ਹੈ।
ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਰਤਾਰਪੁਰ ਵਿੱਚ ਮੁਜ਼ਾਹਰਾ ਕੀਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਯੂਥ ਆਗੂ ਗੁਰਮੀਤ ਸਿੰਘ ਚੀਦਾ, ਤਹਿਸੀਲ ਆਗੂ ਕੇਐੱਸ ਅਟਵਾਲ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਬਲਵਿੰਦਰ ਕੌਰ ਘੁਗਸ਼ੋਰ ਨੇ ਕਿਹਾ ਕਿ ਮਜ਼ਦੂਰ ਦੀ ਮੌਤ ਲਈ ਜ਼ਿੰਮੇਵਾਰ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਸੁਖਦੇਵ ਸਿੰਘ ਦਾ ਸਸਕਾਰ ਕਰਨ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਪਿੰਡ ਕਾਲਾ ਬਾਹੀਆ ਵਿੱਚ ਅੱਠ ਸਤੰਬਰ ਨੂੰ ਕੰਧ ਦੀ ਉਸਾਰੀ ਮੌਕੇ ਦੋ ਪਰਿਵਾਰਾਂ ਵਿਚਾਲੇ ਹੋਏ ਝਗੜੇ ਦੌਰਾਨ ਮਿਸਤਰੀ ਸੁਖਦੇਵ ਸਿੰਘ ਅਤੇ ਹਿਮਾਚਲ ਦੇ ਰਹਿਣ ਵਾਲੇ ਮਜ਼ਦੂਰ ਦੀ ਮੌਤ ਹੋ ਗਈ ਸੀ। ਇਸ ਸਬੰਧੀ ਕਰਤਾਰਪੁਰ ਪੁਲੀਸ ਨੇ ਕੇਸ ਦਰਜ ਕੀਤਾ ਹੋਇਆ ਹੈ। ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇ ਪੀੜਤ ਪਰਿਵਾਰ ਨੂੰ ਦੋ ਦਿਨਾਂ ਵਿੱਚ ਮੁਆਵਜ਼ਾ ਨਾ ਮਿਲਿਆ ਤਾਂ ਉਹ ਮ੍ਰਿਤਕ ਦੀ ਦੇਹ ਨਾਲ ਲਿਆ ਕੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਨਗੇ।
ਡੀਐੱਸਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਇਸ ਸਬੰਧੀ ਕਰਤਾਰਪੁਰ ਪੁਲੀਸ ਨੇ ਛੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਅਤੇ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਨਾਈਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਅੱਧੀ ਰਕਮ ਸਸਕਾਰ ਤੋਂ ਪਹਿਲਾਂ ਦੇਣ ਲਈ ਜ਼ਿਲ੍ਹਾ ਵੈੱਲਫੇਅਰ ਅਫ਼ਸਰ ਵੱਲੋਂ ਪੜਤਾਲ ਪੂਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਵਿੱਚ ਰਾਸ਼ੀ ਪਰਿਵਾਰ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।